ਕੁਮਾਰੀ ਸ਼ੈਲਜਾ ਨੇ ਪੇਂਡੂ ਵਿਕਾਸ ਬਜਟ ਖਰਚ ਨਾ ਕਰਨ ’ਤੇ ਕੇਂਦਰ ਸਰਕਾਰ ਨੂੰ ਘੇਰਿਆ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 28 ਮਾਰਚ
ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ, ਸਾਬਕਾ ਕੇਂਦਰੀ ਮੰਤਰੀ ਅਤੇ ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸੈਲਜਾ ਨੇ ਜਨਤਕ ਯੋਜਨਾਵਾਂ ਪ੍ਰਤੀ ਕੇਂਦਰ ਸਰਕਾਰ ਦੀ ਮਨਸ਼ਾ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਦੇ ਪੇਂਡੂ ਵਿਕਾਸ ਬਜਟ ਦਾ 34.82 ਫ਼ੀਸਦ ਖਰਚ ਕਰਨ ਵਿੱਚ ਅਸਫਲ ਰਹੀ ਹੈ ਜਿਸ ਕਾਰਨ ਮਨਰੇਗਾ, ਪੀਐਮਜੀਐਸਵਾਈ ਵਰਗੀਆਂ ਮਹੱਤਵਪੂਰਨ ਯੋਜਨਾਵਾਂ ਵੀ ਲਾਪ੍ਰਵਾਹੀ ਦਾ ਸ਼ਿਕਾਰ ਹੋ ਗਈਆਂ ਹਨ।
ਸਿਰਸਾ ਦੇ ਸੰਸਦ ਮੈਂਬਰ ਨੇ ਤੱਥਾਂ ਸਮੇਤ ਦੋਸ਼ ਲਗਾਉਂਦੇ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਬਾਰੇ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ਵਿਚ ਖੁਲਾਸਾ ਹੋਇਆ ਕਿ ਸਾਲ 2024-25 ਵਿੱਚ ਪੇਂਡੂ ਵਿਕਾਸ ਦੀਆਂ ਕੇਂਦਰੀ ਫੰਡ ਪ੍ਰਾਪਤ ਯੋਜਨਾਵਾਂ ਲਈ ਸੋਧੇ ਹੋਏ ਬਜਟ ਅਨੁਮਾਨਾਂ ਦਾ 34.82 ਫ਼ੀਸਦ ਖਰਚ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਸੰਸਦੀ ਕਮੇਟੀ ਮੁਤਾਬਕ 2024-25 ਦੇ ਸੋਧੇ ਹੋਏ ਬਜਟ ਵਿੱਚ ਅਲਾਟ ਕੀਤੇ 1,73,804.01 ਕਰੋੜ ਰੁਪਏ ਦੇ ਮੁਕਾਬਲੇ ਅਸਲ ਖਰਚ ਸਿਰਫ 1,13,284.55 ਕਰੋੜ ਰੁਪਏ ਸੀ, ਜੋ ਕਿ ਸੋਧੇ ਹੋਏ ਅਨੁਮਾਨ ਪੜਾਅ ਵਿੱਚ ਅਲਾਟ ਕੀਤੀ ਗਈ ਰਕਮ ਨਾਲੋਂ 34.82 ਫ਼ੀਸਦ ਘੱਟ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਸਿਰਫ਼ ਪ੍ਰਚਾਰ ਕਰਦੀ ਹੈ, ਕੰਮ ਨਹੀਂ ਕਰਦੀ। ਗਰੀਬਾਂ ਅਤੇ ਪਿੰਡਾਂ ਦੇ ਵਿਕਾਸ ਦੀਆਂ ਗੱਲਾਂ ਸਿਰਫ਼ ਭਾਸ਼ਣਾਂ ਤੱਕ ਸੀਮਤ ਹਨ।