ਪੁਲੀਸ ਮੁਕਾਬਲੇ ’ਚ ਅਗਵਾਕਾਰ ਹਲਾਕ
* ਪਰਿਵਾਰ ਤੋਂ ਮੰਗੀ ਗਈ ਸੀ ਇਕ ਕਰੋੜ ਰੁਪਏ ਦੀ ਫਿਰੌਤੀ
ਸਰਬਜੀਤ ਸਿੰਘ ਭੰਗੂ/ਮੋਹਿਤ ਸਿੰਗਲਾ
ਪਟਿਆਲਾ/ਨਾਭਾ, 13 ਮਾਰਚ
ਖੰਨਾ ਨੇੜਲੇ ਪਿੰਡ ਸ਼ੀਹਾਂ ਦੌਦ ਤੋਂ ਬੁੱਧਵਾਰ ਸ਼ਾਮ ਚੁੱਕੇ ਗਏ ਬੱਚੇ ਭਵਕੀਰਤ ਸਿੰਘ (7 ਸਾਲ) ਦਾ ਅਗਵਾਕਾਰ ਅੱਜ ਇਥੇ ਪਟਿਆਲਾ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਮਾਰਿਆ ਗਿਆ। ਬੱਚੇ ਨੂੰ ਸਹੀ-ਸਲਾਮਤ ਬਚਾਅ ਲਿਆ ਗਿਆ ਹੈ। ਅਗਵਾਕਾਰ ਨੇ ਉਸ ਨੂੰ ਛੱਡਣ ਲਈ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਮਾਰੇ ਗਏ ਮੁਲਜ਼ਮ ਦੀ ਪਛਾਣ ਸੀਹਾਂ ਦੌਦ ਵਾਸੀ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਉਸ ਕੋਲੋਂ 32 ਬੋਰ ਦਾ ਪਿਸਤੌਲ ਅਤੇ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਮੁਕਾਬਲੇ ਦੌਰਾਨ ਤਿੰਨ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ ਰੁਪਿੰਦਰ ਸਿੰਘ ਬਹਾਦਰਗੜ੍ਹ ਦੀ ਲੱਤ ਅਤੇ ਬਲਜਿੰਦਰ ਸਿੰਘ ਦੇ ਕੰਨ ’ਚ ਗੋਲੀ ਲੱਗੀ ਹੈ ਜਦਕਿ ਸ਼ਿਵਜੀ ਗਿਰੀ ਦੇ ਸੱਟਾਂ ਵੱਜੀਆਂ ਹਨ। ਪਟਿਆਲਾ-ਨਾਭਾ ਰੋਡ ’ਤੇ ਪਿੰਡ ਮੰਡੌਡ ਖੇੜਾ ਦੇ ਖੇਤਾਂ ਵਿਚ ਹੋਏ ਪੁਲੀਸ ਮੁਕਾਬਲੇ ’ਚ ਸੀਆਈਏ ਪਟਿਆਲਾ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ, ਸਪੈਸ਼ਲ ਬਰਾਂਚ ਪਟਿਆਲਾ ਤੇ ਰਾਜਪੁਰਾ ਦੇ ਮੁਖੀਆਂ ਇੰਸਪੈਕਟਰ ਹਰਜਿੰਦਰ ਢਿੱਲੋਂ ਅਤੇ ਇੰਸਪੈਕਟਰ ਹੈਰੀ ਬੋਪਾਰਾਏ ਨੇ ਅਹਿਮ ਭੂਮਿਕਾ ਨਿਭਾਈ।

ਪ੍ਰੈੱਸ ਕਾਨਫਰੰਸ ਦੌਰਾਨ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਭਵਕੀਰਤ ਸਿੰਘ ਨੂੰ ਬਚਾਉਣ ਲਈ ਪਟਿਆਲਾ, ਖੰਨਾ ਅਤੇ ਮਾਲੇਰਕੋਟਲਾ ਪੁਲੀਸ ਨੇ ਸਾਂਝੀ ਕਾਰਵਾਈ ਕੀਤੀ, ਜਿਸ ਦੀ ਨਿਗਰਾਨੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਖੁਦ ਕਰ ਰਹੇ ਸਨ। ਡੀਜੀਪੀ ਨੇ ਪੁਲੀਸ ਟੀਮ ਲਈ ਦਸ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਮੌਕੇ ਐੱਸਐੱਸਪੀ ਗਗਨਅਜੀਤ ਸਿੰਘ, ਐੱਸਪੀ ਵੈਭਵ ਚੌਧਰੀ ਤੇ ਵੈਭਵ ਕੁਮਾਰ ਸਮੇਤ ਹੋਰ ਵੀ ਅਧਿਕਾਰੀ ਮੌਜੂਦ ਸਨ। ਮਨਦੀਪ ਸਿੱਧੂ ਨੇ ਦੱਸਿਆ ਕਿ 12 ਮਾਰਚ ਦੀ ਸ਼ਾਮ ਨੂੰ ਕੁਝ ਮੋਟਰਸਾਈਕਲ ਸਵਾਰਾਂ ਨੇ ਪਿੰਡ ਸ਼ੀਹਾਂ ਦੌਦ ਦੇ ਆੜ੍ਹਤੀ ਗੁਰਜੰਟ ਸਿੰਘ ਦੇ ਪੋਤੇ ਭਵਕੀਰਤ ਸਿੰਘ ਨੂੰ ਘਰ ਦੇ ਬਾਹਰੋਂ ਅਗਵਾ ਕਰਕੇ ਪਰਿਵਾਰ ਕੋਲੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਪੁਲੀਸ ਨੇ ਦੋ ਵਿਅਕਤੀਆਂ ਹਰਪ੍ਰੀਤ ਸਿੰਘ ਅਤੇ ਰਵੀ ਭਿੰਡਰ (ਦੋਵੇਂ ਅਮਰਗੜ੍ਹ) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਅਗਵਾਕਾਰ ਫਾਰਚੂਨਰ ਗੱਡੀ ਰਾਹੀਂ ਪਟਿਆਲਾ ਦੇ ਪਿੰਡ ਮੰਡੌੜ ਨੇੜੇ ਹੈ। ਪੁਲੀਸ ਟੀਮਾਂ ਨੇ ਜਦੋਂ ਪਿੱਛਾ ਕੀਤਾ ਤਾਂ ਅਗਵਾਕਾਰ ਗੋਲੀਆਂ ਚਲਾਉਂਦਾ ਹੋਇਆ ਗੱਡੀ ਛੱਡ ਕੇ ਖੇਤਾਂ ’ਚ ਜਾ ਵੜਿਆ। ਦੁਵੱਲੀ ਫਾਇਰਿੰਗ ਦੌਰਾਨ ਕਈ ਗੋਲੀਆਂ ਚੱਲੀਆਂ ਅਤੇ ਅਗਵਾਕਾਰ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ। ਉਸ ਦੇ ਅੱਧੀ ਦਰਜਨ ਗੋਲੀਆਂ ਲੱਗਣ ਦੀ ਚਰਚਾ ਹੈ।
ਪਰਿਵਾਰ ਨੂੰ ਸੌਂਪਿਆ ਬੱਚਾ
ਮਲੌਦ (ਦੇਵਿੰਦਰ ਸਿੰਘ ਜੱਗੀ):
ਪੁਲੀਸ ਵੱਲੋਂ ਬੱਚੇ ਨੂੰ ਸੁਰੱਖਿਅਤ ਬਰਾਮਦ ਕਰਨ ਉਪਰੰਤ ਅੱਜ ਦੇਰ ਸ਼ਾਮ ਉਸ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਅਮਰਗੜ੍ਹ ਦੇ ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ, ਐੱਸਐੱਸਪੀ ਖੰਨਾ ਡਾ. ਜਯੋਤੀ ਯਾਦਵ ਬੈਂਸ, ਐੱਸਡੀਐਮ ਪਾਇਲ ਪ੍ਰਦੀਪ ਸਿੰਘ ਬੈਂਸ, ਡੀਐੱਸਪੀ ਦੀਪਕ ਰਾਏ ਅਤੇ ਥਾਣਾ ਮੁਖੀ ਸਤਨਾਮ ਸਿੰਘ ਵੀ ਹਾਜ਼ਰ ਸਨ। ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਖੰਨਾ, ਮਾਲੇਰਕੋਟਲਾ ਅਤੇ ਪਟਿਆਲਾ ਪੁਲੀਸ ਨੇ ਮਿਲ ਕੇ ਅਪਰੇਸ਼ਨ ਚਲਾ ਕੇ 24 ਘੰਟੇ ਦੇ ਅੰਦਰ ਅੰਦਰ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲੀਸ ਨੇ ਇਸ ਕਾਰਵਾਈ ਨਾਲ ਅਪਰਾਧੀਆਂ ਨੂੰ ਸਖ਼ਤ ਸੁਨੇਹਾ ਦਿੱਤਾ ਹੈ ਕਿ ਉਨ੍ਹਾਂ ਨੂੰ ਕਿਸੇ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਆਪਰੇਸ਼ਨ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ ਅਤੇ ਕਰਮੀਆਂ ਦਾ ਸਨਮਾਨ ਕੀਤਾ ਜਾਵੇਗਾ।