ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਲਮ ਦਾ ਧਨੀ ਖੁਸ਼ਵੰਤ ਸਿੰਘ

12:32 PM Feb 02, 2023 IST

ਇੰਜ.ਕੁਲਦੀਪ ਸਿੰਘ ਰਾਮਨਗਰ

Advertisement

ਵਿਗਿਆਨਕ, ਤਰਕਵਾਦ, ਉਦਾਰ ਮਾਨਵਤਾਵਾਦ ਅਤੇ ਕਦੇ ਕਦੇ ਰੋਮਾਂਟਿਕ ਰਚਨਾਵਾਂ ਖੁੱਲ੍ਹ ਕੇ ਲਿਖਣ ਵਾਲੇ ਲੇਖਕ ਖੁਸ਼ਵੰਤ ਸਿੰਘ ਦਾ ਜਨਮ 2 ਫਰਵਰੀ 1915 ਨੂੰ ਬਰਤਾਨਵੀ ਪੰਜਾਬ ਵਿੱਚ ਹਡਾਲੀ (ਹੁਣ ਜ਼ਿਲ੍ਹਾ ਖ਼ੁਸ਼ਬ, ਪੰਜਾਬ, ਪਾਕਿਸਤਾਨ) ਵਿਖੇ ਸਿੱਖ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਸ. ਸੋਭਾ ਸਿੰਘ ਦਿੱਲੀ ਦੇ ਇਮਾਰਤੀ ਠੇਕੇਦਾਰ ਸਨ ਅਤੇ ਚਾਚਾ ਉੱਜਲ ਸਿੰਘ (1895-1985) ਪੰਜਾਬ ਤੇ ਤਾਮਿਲ ਨਾਡੂ ਦੇ ਸਾਬਕਾ ਗਵਰਨਰ ਸਨ। ਖੁਸ਼ਵੰਤ ਸਿੰਘ ਨੇ ਸਕੂਲ ਤੱਕ ਦੀ ਪੜ੍ਹਾਈ ਪਿੰਡ ਤੋਂ ਹੀ ਕੀਤੀ ਜਿਸ ਤੋਂ ਬਾਅਦ ਉਸ ਨੇ ਸਰਕਾਰੀ ਕਾਲਜ, ਲਾਹੌਰ ‘ਚ ਦਾਖ਼ਲਾ ਲੈ ਲਿਆ। ਇਸ ਤੋਂ ਬਾਅਦ ਬਰਤਾਨੀਆ ਵਿੱਚ ਕੈਂਬਰਿਜ ਯੂਨੀਵਰਸਿਟੀ ਅਤੇ ਇਨਰ ਟੇਂਪਲ ਵਿੱਚ ਪੜ੍ਹਨ ਮਗਰੋਂ ਵਾਪਸ ਲਾਹੌਰ ਆ ਕੇ ਵਕਾਲਤ ਸ਼ੁਰੂ ਕਰ ਦਿੱਤੀ। ਫਿਰ ਭਾਰਤ ਦੀ ਵੰਡ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਦਿੱਲੀ ਆ ਵਸਿਆ। ਉਹ ਕੁਝ ਅਰਸਾ ਵਿਦੇਸ਼ੀ ਮਾਮਲਿਆਂ ਬਾਰੇ ਮਹਿਕਮੇ ਵਿੱਚ ਸਫ਼ਾਰਤੀ ਅਹੁਦਿਆਂ ਉੱਤੇ ਤਾਇਨਾਤ ਰਿਹਾ, ਪਰ ਛੇਤੀ ਹੀ ਉਸ ਨੇ ਸਰਕਾਰੀ ਨੌਕਰੀ ਛੱਡ ਦਿੱਤੀ।

ਖੁਸ਼ਵੰਤ ਸਿੰਘ ਨੇ ਜ਼ਿੰਦਗੀ ਨੂੰ ਰੱਜ ਕੇ ਜੀਵਿਆ। ਜਿਸ ਉਮਰ ਵਿੱਚ ਲੋਕ ਸੰਨਿਆਸ ਲੈ ਲੈਂਦੇ ਹਨ, ਉਸ ਵੇਲੇ ਉਸ ਨੇ ਖ਼ੂਬ ਮੌਜ-ਮਸਤੀ ਅਤੇ ਇਸ ਤੋਂ ਵੀ ਵੱਧ ਬੇਹੱਦ ਮਿਹਨਤ ਕੀਤੀ। ਉਹ ਖਾਣ-ਪੀਣ ਵੇਲੇ ਸਿਹਤ ਦਾ ਪੂਰਾ ਧਿਆਨ ਰੱਖਦਾ ਸੀ। ਉਸ ਦੀ ਜੀਵਨ ਸ਼ੈਲੀ ਵਿੱਚ ਲੰਮੀ ਉਮਰ ਦਾ ਰਾਜ਼ ਛੁਪਿਆ ਹੋਇਆ ਸੀ। ਮੌਤ ਨੂੰ ਟਿੱਚਰਾਂ ਕਰਨ ਵਾਲਾ ਖੁਸ਼ਵੰਤ ਸਿੰਘ ਜੀਵਨ ਦੇ ਹਰ ਖ਼ੂਬਸੂਰਤ ਛਿਣ ਨੂੰ ਆਖ਼ਰੀ ਸਾਹਾਂ ਤੱਕ ਮਾਣਦਾ ਰਿਹਾ। ਉਹ ਮਿਰਜ਼ਾ ਗ਼ਾਲਿਬ ਅਤੇ ਹੋਰ ਉਰਦੂ ਸ਼ਾਇਰਾਂ ਦਾ ਦੀਵਾਨਾ ਸੀ। ਉਸ ਨੇ ਆਪਣੇ ਕਾਲਮਾਂ ਵਿੱਚ ਉਰਦੂ ਸ਼ਾਇਰੀ ਨੂੰ ਖਾਸੀ ਜਗ੍ਹਾ ਦਿੱਤੀ ਜਦੋਂਕਿ ਜੁਝਾਰੂ ਕਵੀਆਂ ਦਾ ਕਲਾਮ ਉਸ ਦੀ ਕਲਮ ਤੋਂ ਕੋਹਾਂ ਦੂਰ ਰਿਹਾ। ਖੁਸ਼ਵੰਤ ਸਿੰਘ ਕੋਲ ਦੂਜਿਆਂ ਖ਼ਾਤਰ ਆਪਣੀ ਜਾਨ ਕੁਰਬਾਨ ਕਰਨ ਵਾਲੀ ਕਲਮ ਨਹੀਂ ਸੀ। ਇਸੇ ਲਈ ਸ਼ਾਇਦ ਉਸ ਨੇ ਜੁਝਾਰੂ-ਕਾਵਿ ਨੂੰ ਆਪਣੇ ਕਾਲਮਾਂ ਵਿੱਚ ਘੱਟ-ਵੱਧ ਹੀ ਥਾਂ ਦਿੱਤੀ।

Advertisement

ਖੁਸ਼ਵੰਤ ਸਿੰਘ ਦੀ ਸਵੈ-ਜੀਵਨੀ ਦਾ ਨਾਂ ਹੀ ‘ਮੌਜ-ਮੇਲਾ’ ਸੀ। ਉਹ ਆਪਣੇ ਜੀਵਨ ਵਿੱਚ ਆਏ ਮਰਦ ਅਤੇ ਔਰਤਾਂ ਬਾਰੇ ਲਿਖਦਿਆਂ ਇੰਨੀ ਖੁੱਲ੍ਹ ਲੈ ਜਾਂਦਾ ਸੀ ਜੋ ਕਈ ਘਰਾਂ ਵਿੱਚ ਪੁਆੜੇ ਦੀ ਜੜ੍ਹ ਬਣ ਜਾਂਦਾ ਸੀ। ਉਹ ਧਾਰਮਿਕ ਰਹੁ-ਰੀਤਾਂ ਵਿੱਚ ਯਕੀਨ ਨਹੀਂ ਸੀ ਰੱਖਦਾ, ਫਿਰ ਵੀ ਉਸ ਨੇ ਸਿੱਖ ਧਰਮ ਦੇ ਕੁਝ ਅਸੂਲਾਂ ‘ਤੇ ਚੱਲਣ ਦੀ ਸਦਾ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਅਸੂਲਾਂ ਵਿੱਚ ਸੱਚ ਨੂੰ ਧਰਮ ਦਾ ਨਿਚੋੜ ਮੰਨਿਆ ਗਿਆ ਹੈ। ਉਹ ਹਮੇਸ਼ਾ ਆਖਦਾ ਸੀ ਕਿ ਸੱਚ ਬੋਲਣ ਤੇ ਲਿਖਣ ਵਿੱਚ ਬਹੁਤ ਬਰਕਤਾਂ ਹਨ। ਸਭ ਤੋਂ ਪਹਿਲਾ ਫ਼ਾਇਦਾ ਇਹ ਹੈ ਕਿ ਸੱਚ ਬੋਲ ਕੇ ਉਸ ਨੂੰ ਯਾਦ ਹੀ ਨਹੀਂ ਰੱਖਣਾ ਪੈਂਦਾ।

ਲੇਖਕ ਬਣਨ ਦੀ ਪ੍ਰਕਿਰਿਆ ਸਹਿਜਤਾ ‘ਚੋਂ ਨਿਕਲਦੀ ਹੈ। ਉਹ ਔਖੇ ਸ਼ਬਦ ਵਰਤ ਕੇ ਲੇਖਣੀ ਨੂੰ ਬੋਝਲ ਕਰਨ ਦੇ ਸਖ਼ਤ ਖ਼ਿਲਾਫ਼ ਸੀ। ਉਹ ਨਹੀਂ ਸੀ ਚਾਹੁੰਦਾ ਕਿ ਕੋਈ ਵੀ ਲੇਖਕ ਔਖਾ ਹੋ ਕੇ ਲਿਖੇ ਜਿਸ ਨੂੰ ਪੜ੍ਹਨ ਲੱਗਿਆਂ ਪਾਠਕ ਨੂੰ ਕੋਈ ਔਖਿਆਈ ਦਰਪੇਸ਼ ਹੋਵੇ। ਉਸ ਨੇ ਜੋ ਵੀ ਲਿਖਿਆ ਉਹ ਦਸਵੀਂ ਜਮਾਤ ਦਾ ਵਿਦਿਆਰਥੀ ਵੀ ਸਹਿਜੇ ਹੀ ਸਮਝ ਸਕਦਾ ਸੀ। ਦੂਜਿਆਂ ਦੇ ਮੁਕਾਬਲੇ ਖੁਸ਼ਵੰਤ ਸਿੰਘ ਵਿੱਚ ਫ਼ਰਕ ਬੱਸ ਇੰਨਾ ਸੀ ਕਿ ਉਸ ਨੂੰ ਮਿਰਚ-ਮਸਾਲੇ ਧੂੜ ਕੇ ਆਪਣੀ ਲੇਖਣੀ ਨੂੰ ਪਾਠਕਾਂ ਸਾਹਮਣੇ ਪਰੋਸਣ ਦਾ ਵੱਲ ਖ਼ੂਬ ਆਉਂਦਾ ਸੀ। ਉਹ ਦਾਅਵਾ ਕਰਦਾ ਸੀ ਕਿ ਉਸ ਨੇ ਕਦੇ ਵੀ ਜਾਣ-ਬੁੱਝ ਕੇ ਕੋਈ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਉਹ ਦੱਸਦਾ ਸੀ ਕਿ ‘ਮੈਂ ਤਾਂ ਹਮੇਸ਼ਾਂ ਇਹੀ ਚਾਹਿਆ ਕਿ ਖ਼ਰੀ ਗੱਲ ਇਮਾਨਦਾਰੀ ਨਾਲ ਲਿਖਾਂ’। ਉਹ ਆਪਣੇ ਸਮਕਾਲੀ ਲੇਖਕਾਂ ਨੂੰ ਮਸ਼ਵਰਾ ਦਿੰਦਾ ਸੀ ਕਿ ਬੰਦੇ ਨੂੰ ਪਾਖੰਡਵਾਦ ਅਤੇ ਫੂੰ-ਫਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਔਖੇ ਸ਼ਬਦ ਵਰਤ ਕੇ ਵਿਦਵਤਾ ਦਾ ਵਿਖਾਵਾ ਨਹੀਂ ਕਰਨਾ ਚਾਹੀਦਾ। ਉਹ ਕਸ਼ੀਦੀ ਹੋਈ ਸਿਆਣਪ ਦਾ ਆਸ਼ਿਕ ਸੀ ਜੋ ਲੋਕਾਂ ਲਈ ਰਾਹ-ਦਸੇਰਾ ਹੁੰਦੀ ਹੈ।

ਉਹ ਅੰਧ-ਵਿਸ਼ਵਾਸ ਦੀ ਧੁੰਦ ਬਖੇਰਨ ਵਾਲੇ ਅਖੌਤੀ ਸਾਧੂਆਂ-ਸੰਤਾਂ ਤੋਂ ਲੈ ਕੇ ਸਿਆਸਤਦਾਨਾਂ ਆਦਿ ਨੂੰ ਕਰੜੇ ਹੱਥੀਂ ਲੈਂਦਾ ਸੀ। ਉਹ ਕਹਿੰਦਾ, ”ਪੁਜਾਰੀਆਂ ਦੇ ਸਵਾਰਥੀ ਹਿੱਤ ਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਤੋਰੀ-ਫੁਲਕਾ ਇਨ੍ਹਾਂ ‘ਤੇ ਨਿਰਭਰ ਹੁੰਦਾ ਹੈ।” ਉਹ ਅਖੌਤੀ ਸਾਧਾਂ ਨੂੰ ਜੋਕਾਂ ਕਹਿਣ ਦੀ ਜੁਰੱਅਤ ਰੱਖਦਾ ਸੀ ਜੋ ਭਗਵੇ ਕੱਪੜੇ ਪਾ ਕੇ ਮਿਹਨਤਕਸ਼ਾਂ ਦੀ ਕਮਾਈ ‘ਤੇ ਵਧਦੇ-ਫੁੱਲਦੇ ਹਨ। ਉਹ ਸਾਰੀਆਂ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਕੋਸਦਾ ਸੀ ਜੋ ‘ਸ਼ੁਭ ਮਹੂਰਤ’ ਕਢਵਾਉਣ ਲਈ ਜੋਤਸ਼ੀਆਂ ਤੇ ਨਜੂਮੀਆਂ ਦੇ ਦਰਾਂ ‘ਤੇ ਭਟਕਦੇ ਸਨ।

ਆਬਾਦੀ ਵਿਸਫੋਟ ਬਾਰੇ ਖੁਸ਼ਵੰਤ ਸਿੰਘ ਬੇਹੱਦ ਗੰਭੀਰ ਸੀ। ਉਸ ਨੇ ਲਿਖਿਆ ਸੀ, ”ਸਾਡੇ ਕੋਲ ਤੇਜ਼ੀ ਨਾਲ ਵਧ ਰਹੇ ਮੂੰਹਾਂ ਵਿੱਚ ਪਾਉਣ ਲਈ ਲੋੜੀਂਦੀਆਂ ਬੁਰਕੀਆਂ ਨਹੀਂ ਹਨ।” ਇਸ ਲਈ ਉਸ ਨੇ ਬਾਅਦ ਵਿੱਚ ਤਬਾਹੀ ਵੱਲ ਵਧ ਰਹੀ ਆਬਾਦੀ ਨੂੰ ਰੋਕਣ ਲਈ ਜਬਰੀ ਢੰਗ-ਤਰੀਕੇ ਅਪਨਾਉਣ ਦੀ ਵਕਾਲਤ ਖੁੱਲ੍ਹ ਕੇ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਲਿਖਿਆ ਸੀ, ”ਜਿਨ੍ਹਾਂ ਜੋੜਿਆਂ ਦੇ ਦੋ ਤੋਂ ਵੱਧ ਬੱਚੇ ਹੋਣ, ਉਨ੍ਹਾਂ ਦਾ ਅਧਿਕਾਰ ਖ਼ਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ‘ਤੇ ਪੰਚਾਇਤ, ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲੜਨ ‘ਤੇ ਮੁਕੰਮਲ ਪਾਬੰਦੀ ਲਗਾ ਦੇਣੀ ਚਾਹੀਦੀ ਹੈ।” ਕਾਸ਼! ਖੁਸ਼ਵੰਤ ਸਿੰਘ ਆਪਣੀ ਅਉਧ ਦਾ ਸੈਂਕੜਾ ਪੂਰ ਕਰ ਜਾਂਦਾ ਤਾਂ ਜੋ ਆਬਾਦੀ ਵਿਸਫੋਟ ਵਰਗੇ ਗੰਭੀਰ ਵਿਸ਼ਿਆਂ ‘ਤੇ ਕੁਝ ਹੋਰ ਲਿਖਿਆ ਜਾਂਦਾ।

ਆਪਣੀ ਕੌਮ ਬਾਰੇ ਲਤੀਫ਼ੇਬਾਜ਼ੀ ਕਰਕੇ ਆਪਣਾ ਨਾਂ ਚਮਕਾਉਣ ਵਾਲੇ ਖੁਸ਼ਵੰਤ ਸਿੰਘ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਉਸ ਨੂੰ ਨਿੱਤਨੇਮ ਕੰਠ ਸੀ। ਜਦੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਦੇ ਵਿਰੋਧ ਵਿੱਚ ਉਸ ਨੇ ‘ਪਦਮ ਭੂਸ਼ਣ’ ਵਾਪਸ ਕੀਤਾ ਤਾਂ ਉਸ ਦੇ ਕੱਟੜ ਆਲੋਚਕ ਉਸ ਦੇ ਪ੍ਰਸ਼ੰਸਕ ਬਣ ਗਏ ਸਨ। ਦੂਜੇ ਪਾਸੇ ਉਸ ਦੇ ਅਣਗਿਣਤ ਪ੍ਰਸ਼ੰਸਕ ਕੱਟੜ ਵਿਰੋਧੀ ਬਣ ਗਏ ਸਨ।

ਖੁਸ਼ਵੰਤ ਸਿੰਘ ਦੇ ਆਪਣੀ ਨਿੱਜੀ ਜ਼ਿੰਦਗੀ ਦੇ ਵੀ ਕੁਝ ਪੱਕੇ ਅਸੂਲ ਸਨ ਜਿਵੇਂ ਕਿ ਵਕਤ ਦੀ ਕਦਰ ਕਰਨੀ। ਉਹ ਆਪਣਾ ਵਕਤ ਮਾਲਾ ਫੇਰਨ, ਅੰਧ-ਵਿਸ਼ਵਾਸ ਅਤੇ ਰੱਬ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ ਵਿਅਰਥ ਨਹੀਂ ਸੀ ਗੁਆਉਂਦਾ। ਉਸ ਦਾ ਆਪਣੀ ਜ਼ਿੰਦਗੀ ਨੂੰ ਮੌਜ ਮੇਲੇ ਦੀ ਤਰ੍ਹਾਂ ਜਿਉਣਾ ਵੀ ਸ਼ਾਇਦ ਉਸ ਦੀ ਲੰਮੀ ਉਮਰ ਦਾ ਰਾਜ਼ ਸੀ। ਉਸ ਦੀ ਕਲਮ ਜ਼ਿੰਦਗੀ ਦੇ ਆਖ਼ਰੀ ਸਾਹ ਤੱਕ ਚਲਦੀ ਰਹੀ।

ਅਖੀਰ ਇਹ ਨਿਧੜਕ ਅਤੇ ਖੁਸ਼ਮਿਜ਼ਾਜ ਕਲਮਕਾਰ 20 ਮਾਰਚ 2014 ਨੂੰ 99 ਸਾਲ ਦੀ ਉਮਰ ਵਿੱਚ ਹਮੇਸ਼ਾ ਲਈ ਖ਼ਾਮੋਸ਼ ਹੋ ਗਿਆ।
ਸੰਪਰਕ: 94179-90040

Advertisement
Advertisement