Iran Explosion: ਇਰਾਨੀ ਬੰਦਰਗਾਹ 'ਤੇ ਜ਼ੋਰਦਾਰ ਧਮਾਕੇ ਕਾਰਨ 5 ਹਲਾਕ, 700 ਤੋਂ ਵੱਧ ਜ਼ਖ਼ਮੀ
ਤਹਿਰਾਨ, 26 ਅਪਰੈਲ
Iran Explosion: ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦੱਖਣੀ ਇਰਾਨ ਵਿੱਚ ਇੱਕ ਬੰਦਰਗਾਹ ਵਿਚ ਹੋਏ ਇੱਕ ਜ਼ਬਰਦਸਤ ਧਮਾਕੇ ਅਤੇ ਅੱਗ ਲੱਗਣ ਦੀ ਘਟਨਾ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 700 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾਂਦੇ ਹਨ। ਸ਼ਾਹਿਦ ਰਾਜੇਈ ਬੰਦਰਗਾਹ 'ਤੇ ਇਹ ਧਮਾਕਾ ਅਜਿਹੇ ਮੌਕੇ ਹੋਇਆ ਜਦੋਂ ਇਰਾਨ ਅਤੇ ਅਮਰੀਕਾ ਸ਼ਨਿੱਚਰਵਾਰ ਨੂੰ ਓਮਾਨ ਵਿੱਚ ਤਹਿਰਾਨ ਦੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਪ੍ਰੋਗਰਾਮ ਬਾਰੇ ਤੀਜੇ ਦੌਰ ਦੀ ਗੱਲਬਾਤ ਲਈ ਮਿਲੇ ਸਨ। ਦੇਸ਼ ਦੇ ਬਚਾਅ ਸੰਗਠਨ ਦੇ ਮੁਖੀ ਬਾਬਕ ਮਹਿਮੂਦੀ (Babak Mahmoudi, the head of the country's rescue organization) ਨੇ ਸਰਕਾਰੀ ਟੈਲੀਵਿਜ਼ਨ 'ਤੇ ਇਹ ਐਲਾਨ ਕੀਤਾ ਹੈ।
ਦੱਖਣੀ ਇਰਾਨ ਵਿੱਚ ਸ਼ਨਿੱਚਰਵਾਰ ਨੂੰ ਇੱਕ ਬੰਦਰਗਾਹ 'ਤੇ ਜ਼ੋਰਦਾਰ ਧਮਾਕਾ ਅਤੇ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 700 ਲੋਕ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸਰਕਾਰੀ ਟੈਲੀਵਿਜ਼ਨ ਨੇ ਆਪਣੀ ਰਿਪੋਰਟ ਵਿਚ ਦਿੱਤੀ ਹੈ। ਇਹ ਬੰਦਰਗਾਹ ਇਸ ਇਸਲਾਮੀ ਗਣਰਾਜ ਲਈ ਕੰਟੇਨਰ ਸ਼ਿਪਮੈਂਟ ਦਾ ਪ੍ਰਮੁੱਖ ਟਿਕਾਣਾ ਹੈ, ਜੋ ਇੱਕ ਸਾਲ ਵਿੱਚ ਲਗਭਗ 8 ਕਰੋੜ ਟਨ (7.25 ਕਰੋੜ ਮੀਟ੍ਰਿਕ ਟਨ) ਮਾਲ ਨੂੰ ਸੰਭਾਲਦੀ ਹੈ।
ਸੋਸ਼ਲ ਮੀਡੀਆ ਵੀਡੀਓਜ਼ ਨੇ ਧਮਾਕੇ ਤੋਂ ਬਾਅਦ ਕਾਲੇ ਧੂੰਏਂ ਦੇ ਉੱਠਦੇ ਗ਼ੁਬਾਰ ਦਿਖਾਏ ਹਨ। ਕੁਝ ਹੋਰ ਵੀਡੀਓਜ਼ ਵਿਚ ਧਮਾਕੇ ਦੇ ਕੇਂਦਰ ਤੋਂ ਕਈ ਕਿਲੋਮੀਟਰ ਦੂਰ ਇਮਾਰਤਾਂ ਦੇ ਸ਼ੀਸ਼ੇ ਟੁੱਟਦੇ ਦਿਖਾਏ ਗਏ ਹਨ। ਅਧਿਕਾਰੀਆਂ ਨੇ ਘੰਟਿਆਂ ਬਾਅਦ ਵੀ ਧਮਾਕੇ ਦਾ ਕੋਈ ਕਾਰਨ ਨਹੀਂ ਦੱਸਿਆ, ਹਾਲਾਂਕਿ ਵੀਡੀਓਜ਼ ਤੋਂ ਜਾਪਦਾ ਹੈ ਕਿ ਬੰਦਰਗਾਹ 'ਤੇ ਜਿਸ ਵੀ ਚੀਜ਼ ਤੋਂ ਅੱਗ ਲੱਗੀ, ਉਹ ਬਹੁਤ ਜ਼ਿਆਦਾ ਜਲਣਸ਼ੀਲ ਸੀ।
ਇਰਾਨ ਵਿੱਚ ਸਨਅਤੀ ਹਾਦਸੇ ਹੁੰਦੇ ਰਹਿੰਦੇ ਹਨ, ਖਾਸ ਕਰਕੇ ਇਸਦੀਆਂ ਪੁਰਾਣੀਆਂ ਤੇਲ ਸਹੂਲਤਾਂ 'ਤੇ ਜੋ ਅੰਤਰਰਾਸ਼ਟਰੀ ਪਾਬੰਦੀਆਂ ਅਧੀਨ ਹਿੱਸਿਆਂ-ਪੁਰਜ਼ਿਆਂ ਤੱਕ ਪਹੁੰਚ ਲਈ ਜੂਝਦੀਆਂ ਹਨ। ਪਰ ਇਰਾਨੀ ਸਰਕਾਰੀ ਟੀਵੀ ਨੇ ਖਾਸ ਤੌਰ 'ਤੇ ਕਿਸੇ ਵੀ ਊਰਜਾ ਬੁਨਿਆਦੀ ਢਾਂਚੇ ਦੇ ਧਮਾਕੇ ਕਾਰਨ ਹੋਣ ਜਾਂ ਧਮਾਕੇ ਕਾਰਨ ਨੁਕਸਾਨੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ।-ਏਪੀ