ਆਈਪੀਐੱਲ: ਸਨਰਾਈਜ਼ਰਜ਼ ਹੈਦਰਾਬਾਦ ਦਾ ਜਿੱਤ ਨਾਲ ਆਗਾਜ਼
ਹੈਦਰਾਬਾਦ, 23 ਮਾਰਚ
ਸਨਰਾਈਜ਼ਰਜ਼ ਹੈਦਰਾਬਾਦ ਨੇ ਇਸ਼ਾਨ ਕਿਸ਼ਨ ਦੇ ਨਾਬਾਦ ਸੈਂਕੜੇ ਦੀ ਬਦੌਲਤ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਵਿੱਚ ਰਾਜਸਥਾਨ ਰੌਇਲਜ਼ ਨੂੰ 44 ਦੌੜਾਂ ਨਾਲ ਹਰਾ ਕੇ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕੀਤਾ। ਇਸ਼ਾਨ ਦੀ ਤੂਫ਼ਾਨੀ ਬੱਲੇਬਾਜ਼ੀ ਸੰਜੂ ਸੈਮਸਨ ਅਤੇ ਧਰੁਵ ਜੁਰੈਲ ਦੇ ਸ਼ਾਨਦਾਰ ਯਤਨਾਂ ’ਤੇ ਭਾਰੀ ਪੈ ਗਈ। ਇਸ਼ਾਨ ਨੇ ਸ਼ਾਨਦਾਰ ਸੈਂਕੜੇ (47 ਗੇਂਦਾਂ ’ਤੇ ਨਾਬਾਦ 106 ਦੌੜਾਂ) ਤੇ ਟਰੈਵਿਸ ਹੈੱਡ ਨੇ ਨੀਮ ਸੈਂਕੜੇ (31 ਗੇਂਦਾਂ ’ਤੇ 67 ਦੌੜਾਂ) ਵਾਲੀਆਂ ਪਾਰੀਆਂ ਖੇਡੀਆਂ, ਜਿਸ ਸਦਕਾ ਹੈਦਰਾਬਾਦ ਨੇ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 286 ਦੌੜਾਂ ਬਣਾਈਆਂ। ਇਹ ਆਈਪੀਐੱਲ ਦਾ ਦੂਸਰਾ ਸਰਵੋਤਮ ਸਕੋਰ ਹੈ। ਅਭਿਸ਼ੇਕ ਸ਼ਰਮਾ ਨੇ 24 ਦੌੜਾਂ, ਨਿਤੀਸ਼ ਰੈੱਡੀ ਨੇ 30 ਦੌੜਾਂ ਤੇ ਹੈਨਰਿਕ ਕਲਾਸਨ ਨੇ 34 ਦੌੜਾਂ ਬਣਾਈਆਂ। ਹੈੱਡ ਨੇ ਇਸ ਫਰੈਂਚਾਇਜ਼ੀ ਲਈ ਪਹਿਲੀ ਵਾਰ ਖੇਡ ਰਹੇ ਕਿਸ਼ਨ ਨਾਲ ਦੂਸਰੀ ਵਿਕਟ ਲਈ 39 ਗੇਂਦਾਂ ਵਿੱਚ 85 ਦੌੜਾਂ ਦੀ ਭਾਈਵਾਲੀ ਕੀਤੀ। ਦੋਵਾਂ ਨੇ ਮਿਲ ਕੇ 20 ਚੌਕੇ ਅਤੇ ਨੌਂ ਛੱਕੇ ਜੜੇ। ਰਾਜਸਥਾਨ ਵੱਲੋਂ ਤੁਸ਼ਾਰ ਦੇਸ਼ਪਾਂਡੇ ਨੇ ਤਿੰਨ ਤੇ ਐੱਮ. ਥੀਕਸ਼ਾਨਾ ਨੇ ਦੋ ਵਿਕਟਾਂ ਝਟਕਾਈਆਂ। ਆਈਪੀਐੱਲ ਦਾ ਸਭ ਤੋਂ ਵੱਡਾ ਸਕੋਰ ਵੀ ਸਨਰਾਈਜ਼ਰਜ਼ ਦੇ ਨਾਮ ਹੈ। ਟੀਮ ਨੇ ਪਿਛਲੇ ਸਾਲ ਰੌਇਲ ਚੈਲੇਂਜਰਜ਼ ਬੰਗਲੂਰੂ ਖ਼ਿਲਾਫ਼ ਤਿੰਨ ਵਿਕਟਾਂ ’ਤੇ 287 ਦੌੜਾਂ ਬਣਾਈਆਂ ਸਨ। ਰਾਜਸਥਾਨ ਰੌਇਲਜ਼ ਦੀ ਟੀਮ ਮੈਚ ਦੌਰਾਨ ਟੀਚੇ ਦਾ ਪਿੱਛਾ ਕਰਨ ਦੀ ਸਥਿਤੀ ਵਿੱਚ ਨਜ਼ਰ ਨਹੀਂ ਆਈ। ਹਾਲਾਂਕਿ, ਟੀਮ ਖ਼ਰਾਬ ਸ਼ੁਰੂਆਤ ਤੋਂ ਉਭਰਦਿਆਂ ਛੇ ਵਿਕਟਾਂ ’ਤੇ 242 ਦੌੜਾਂ ਬਣਾਉਣ ਵਿੱਚ ਸਫਲ ਰਹੀ। ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਰਾਜਸਥਾਨ ਨੂੰ 20 ਓਵਰਾਂ ਵਿੱਚ 242/6 ਦੇ ਸਕੋਰ ’ਤੇ ਹੀ ਰੋਕ ਦਿੱਤਾ। ਰਾਜਸਥਾਨ ਵੱਲੋਂ ਸੰਜੂ ਸੈਮਸਨ ਨੇ 66 ਦੌੜਾਂ ਤੇ ਧਰੁਵ ਜੁਰੈਲ ਨੇ 70 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਜਿਤਾ ਨਾ ਸਕੇ। -ਪੀਟੀਆਈ
ਸੁਪਰਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਚਾਰ ਵਿਕਟਾਂ ਨਾਲ ਹਰਾਇਆ
ਚੇਨੱਈ:
ਚੇਨੱਈ ਸੁਪਰਕਿੰਗਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ’ਚ ਮੁੰਬਈ ਇੰਡੀਅਨਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਟੀਮ ਨੇ ਸਲਾਮੀ ਬੱਲੇਬਾਜ਼ ਰਚਿਨ ਰਵਿੰਦਰਾ (ਨਾਬਾਦ 65 ਦੌੜਾਂ) ਤੇ ਕਪਤਾਨ ਰੁਤੂਰਾਜ ਗਾਇਕਵਾੜ (53 ਦੌੜਾਂ) ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਜਿੱਤ ਲਈ 156 ਦੌੜਾਂ ਦਾ ਟੀਚਾ 19.1 ਓਵਰਾਂ ਵਿੱਚ 158 ਬਣਾ ਕੇ ਹਾਸਲ ਕਰ ਲਿਆ। ਟੀਮ ਦੀ ਜਿੱਤ ਵਿੱਚ ਰਵਿੰਦਰ ਜਡੇਜਾ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਮੁੰਬਈ ਵੱਲੋਂ ਵਿਗਣੇਸ਼ ਪਥੂਰ ਨੇ ਤਿੰਨ ਵਿਕਟਾਂ ਲਈਆਂ ਜਦਕਿ ਦੀਪਕ ਚਾਹਰ ਤੇ ਵਿਲ ਜੈਕਸ ਨੂੰ ਇੱਕ ਇੱਕ ਵਿਕਟ ਮਿਲੀ। ਇਸ ਤੋਂ ਪਹਿਲਾਂ ਚੇਨੱਈ ਦੇ ਗੇਂਦਬਾਜ਼ਾਂ ਨੇ ਮੁੰਬਈ ਇੰਡੀਅਨਜ਼ ਨੂੰ 20 ਓਵਰਾਂ ’ਚ 155/9 ਦੇ ਸਕੋਰ ’ਤੇ ਹੀ ਰੋਕ ਦਿੱਤਾ। -ਪੀਟੀਆਈ