ਆਈਪੀਐੱਲ: ਦਿੱਲੀ ਕੈਪੀਟਲਜ਼ ਨੇ ਸੁਪਰ ਓਵਰ ਮੁਕਾਬਲੇ ਵਿੱਚ ਰਾਜਸਥਾਨ ਰੌਇਲਜ਼ ਨੂੰ ਦਿੱਤੀ ਸ਼ਿਕਸਤ
ਨਵੀਂ ਦਿੱਲੀ, 16 ਅਪਰੈਲ
ਦਿੱਲੀ ਕੈਪੀਟਲਜ਼ ਨੇ ਅੱਜ ਇੱਥੇ ਸੁਪਰ ਓਵਰ ਤੱਕ ਖਿੱਚੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਵਿੱਚ ਰਾਜਸਥਾਨ ਰੌਇਲਜ਼ ਨੂੰ ਸ਼ਿਕਸਤ ਦੇ ਦਿੱਤੀ। ਦਿੱਲੀ ਕੈਪੀਟਲਜ਼ ਵੱਲੋਂ ਪੰਜ ਵਿਕਟਾਂ ’ਤੇ ਦਿੱਤੇ 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਰੌਇਲਜ਼ ਚਾਰ ਵਿਕਟਾਂ ਗੁਆ ਕੇ 188 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਸੁਪਰ ਓਵਰ ਵਿੱਚ ਜਿੱਤ ਲਈ ਦਿੱਲੀ ਨੂੰ 12 ਦੌੜਾਂ ਚਾਹੀਦੀਆਂ ਸਨ ਪਰ ਉਸ ਨੇ ਚਾਰ ਗੇਂਦਾਂ ਵਿੱਚ ਹੀ ਇਹ ਟੀਚਾ ਹਾਸਲ ਕਰ ਲਿਆ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਾਵਰ ਪਲੇਅ ਵਿੱਚ ਦਿੱਲੀ ਨੇ ਦੋ ਵਿਕਟਾਂ ’ਤੇ 46 ਦੌੜਾਂ ਬਣਾਈਆਂ। ਦਿੱਲੀ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਪੋਰੇਲ ਨੇ ਸਭ ਤੋਂ ਵੱਧ 49 ਦੌੜਾਂ ਦੀ ਪਾਰੀ ਖੇਡੀ। ਉਸਨੇ ਲੋਕੇਸ਼ ਰਾਹੁਲ (38 ਦੌੜਾਂ) ਨਾਲ ਤੀਜੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਕੀਤੀ। ਅਖ਼ੀਰ ਅਕਸ਼ਰ ਪਟੇਲ ਨੇ 14 ਗੇਂਦਾਂ ਵਿੱਚ ਚਾਰ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 34 ਦੌੜਾਂ ਬਣਾਈਆਂ, ਜਦੋਂਕਿ ਟ੍ਰਿਸਟਨ ਸਟੱਬਸ ਨੇ 18 ਗੇਂਦਾਂ ਵਿੱਚ ਦੋ ਚੌਕੇ ਅਤੇ ਇੰਨੇ ਹੀ ਛੱਕਿਆਂ ਦੀ ਮਦਦ ਨਾਲ ਨਾਬਾਦ 34 ਦੌੜਾਂ ਬਣਾਈਆਂ, ਜਿਸ ਨਾਲ ਟੀਮ ਦਾ ਸਕੋਰ 190 ਦੌੜਾਂ ਦੇ ਨੇੜੇ ਪਹੁੰਚ ਗਿਆ।
ਰੌਇਲਜ਼ ਵੱਲੋਂ ਜੋਫਰਾ ਆਰਚਰ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸਨੇ 32 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ। ਵਾਨਿੰਦੂ ਹਸਰੰਗਾ (38 ਦੌੜਾਂ ਦੇ ਕੇ) ਅਤੇ ਮਹੇਸ਼ ਥੀਕਸ਼ਾਨਾ (40 ਦੌੜਾਂ ਦੇ ਕੇ) ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਰੌਇਲਜ਼ 188 ਦੌੜਾਂ ਹੀ ਬਣਾ ਸਕੀ। ਯਸ਼ਸਵੀ ਜੈਸਵਾਲ (51 ਦੌੜਾਂ) ਅਤੇ ਨਿਤੀਸ਼ ਰਾਣਾ ਨੇ (51 ਦੌੜਾਂ) ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਇਨ੍ਹਾਂ ਤੋਂ ਇਲਾਵਾ ਸੰਜੂ ਸੈਮਸਨ ਨੇ 31 ਦੌੜਾਂ ਤੇ ਧਰੁਵ ਜੁਰੇਲ ਨੇ ਨਾਬਾਦ 24 ਦੌੜਾਂ ਦਾ ਯੋਗਦਾਨ ਪਾਇਆ। ਦਿੱਲੀ ਵੱਲੋਂ ਮਿਸ਼ੇਲ ਸਟਾਰਕ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਪੀਟੀਆਈ