ਆਈਪੀਐੱਲ: ਰੋਮਾਂਚਕ ਮੁਕਾਬਲੇ ਵਿੱਚ ਦਿੱਲੀ ਨੇ ਲਖਨਊ ਨੂੰ ਹਰਾਇਆ
* ਇੱਕ ਵਿਕਟ ਨਾਲ ਦਿੱਤੀ ਮਾਤ
* ਦਿੱਲੀ ਲਈ ਆਸ਼ੂਤੋਸ਼ ਸ਼ਰਮਾ ਨੇ ਨਾਬਾਦ ਨੀਮ ਸੈਂਕੜਾ ਜੜਿਆ
ਵਿਸ਼ਾਖਾਪਟਨਮ, 24 ਮਾਰਚ
ਆਸ਼ੂਤੋਸ਼ ਸ਼ਰਮਾ ਅਤੇ ਵਿਪਰਾਜ ਨਿਗਮ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਦਿੱਲੀ ਕੈਪੀਟਲਜ਼ (ਡੀਸੀ) ਨੇ ਅੱਜ ਇੱਥੇ ਆਈਪੀਐੱਲ ਦੇ ਰੋਮਾਂਚਕ ਮੈਚ ਵਿੱਚ ਲਖਨਊ ਸੁਪਰ ਜਾਇੰਟਸ (ਐੱਲਐੱਸਜੀ) ਨੂੰ ਇੱਕ ਵਿਕਟ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਲਖਨਊ ਨੇ ਅੱਠ ਵਿਕਟਾਂ ’ਤੇ 209 ਦੌੜਾਂ ਬਣਾਈਆਂ ਸਨ। ਦਿੱਲੀ ਨੇ ਇਹ ਟੀਚਾ 19.3 ਓਵਰਾਂ ਵਿੱਚ 9 ਵਿਕਟਾਂ ’ਤੇ 211 ਦੌੜਾਂ ਬਣਾ ਕੇ ਪੂਰਾ ਕਰ ਲਿਆ। ਆਸ਼ੂਤੋਸ਼ ਸ਼ਰਮਾ ਨੇ ਸਪਿੰਨਰ ਸ਼ਾਹਬਾਜ਼ ਅਹਿਮਦ ਦੀ ਗੇਂਦ ’ਤੇ ਛੱਕਾ ਜੜ ਕੇ ਟੀਮ ਨੂੰ ਜਿੱਤ ਦਿਵਾਈ। ਉਸ ਨੇ 31 ਗੇਂਦਾਂ ਵਿੱਚ ਨਾਬਾਦ 66 ਦੌੜਾਂ ਬਣਾਈਆਂ, ਜਿਸ ਵਿੱਚ 5 ਚੌਕੇ ਤੇ ਪੰਜ ਹੀ ਛੱਕੇ ਸ਼ਾਮਲ ਹਨ। ਇਸ ਤੋਂ ਇਲਾਵਾ ਵਿਪਰਾਜ ਨੇ 15 ਗੇਂਦਾਂ ਵਿੱਚ 39, ਟਰਿਸਟਨ ਸਟੱਬਸ ਨੇ 22 ਗੇਂਦਾਂ ਵਿੱਚ 34 ਅਤੇ ਕਪਤਾਨ ਅਕਸ਼ਰ ਪਟੇਲ ਨੇ 11 ਗੇਂਦਾਂ ’ਚ 22 ਦੌੜਾਂ ਬਣਾਈਆਂ। ਲਖਨਊ ਲਈ ਸ਼ਾਰਦੁਲ ਠਾਕੁਰ, ਐੱਮ ਸਿਧਾਰਥ, ਦਿਗਵੇਸ਼ ਰਾਠੀ ਅਤੇ ਰਵੀ ਬਿਸ਼ਨੋਈ ਨੇ ਦੋ-ਦੋ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਮਿਲਣ ਤੋਂ ਬਾਅਦ ਲਖਨਊ ਦੇ ਸਲਾਮੀ ਬੱਲੇਬਾਜ਼ਾਂ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ। ਨਿਕੋਲਸ ਪੂਰਨ (75) ਅਤੇ ਮਿਸ਼ੇਲ ਮਾਰਸ਼ (72) ਨੇ ਨੀਮ ਸੈਂਕੜੇ ਜੜੇ। ਪੂਰਨ ਨੇ ਆਪਣੀ 30 ਗੇਂਦਾਂ ਦੀ ਪਾਰੀ ਵਿੱਚ ਛੇ ਚੌਕੇ ਅਤੇ ਸੱਤ ਛੱਕੇ, ਜਦਕਿ ਮਿਸ਼ੇਲ ਮਾਰਸ਼ ਨੇ 36 ਗੇਂਦਾਂ ਵਿੱਚ ਛੇ ਚੌਕੇ ਅਤੇ ਛੇ ਹੀ ਛੱਕੇ ਮਾਰੇ। ਇਨ੍ਹਾਂ ਤੋਂ ਇਲਾਵਾ ਡੇਵਿਡ ਮਿਲਰ ਨੇ ਨਾਬਾਦ 27 ਦੌੜਾਂ ਦਾ ਯੋਗਦਾਨ ਪਾਇਆ। ਇੱਕ ਵੇਲੇ ਤਾਂ ਅਜਿਹਾ ਲੱਗ ਰਿਹਾ ਸੀ ਕਿ ਲਖਨਊ ਦੀ ਟੀਮ 240 ਦੌੜਾਂ ਤੋਂ ਵੱਧ ਦਾ ਸਕੋਰ ਬਣਾ ਲਵੇਗੀ ਪਰ ਕੁਲਦੀਪ ਅਤੇ ਮਿਸ਼ੇਲ ਸਟਾਰਕ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਨੇ ਲਖਨਊ ਦੇ ਬੱਲੇਬਾਜ਼ਾਂ ’ਤੇ ਸ਼ਿਕੰਜਾ ਕੱਸਿਆ। ਲਖਨਊ ਦੀ ਟੀਮ ਆਖਰੀ ਅੱਠ ਓਵਰਾਂ ਵਿੱਚ ਸਿਰਫ਼ 76 ਦੌੜਾਂ ਹੀ ਬਣਾ ਸਕੀ। ਦਿੱਲੀ ਲਈ ਮਿਸ਼ੇਲ ਸਟਾਰਕ ਨੇ ਤਿੰਨ, ਕੁਲਦੀਪ ਯਾਦਵ ਨੇ ਦੋ, ਜਦਕਿ ਵਿਪਰਾਜ ਨਿਗਮ ਤੇ ਮੁਕੇਸ਼ ਕੁਮਾਰ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ