ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦਾ ਓਲੰਪਿਕ ਆਰਡਰ ਨਾਲ ਸਨਮਾਨ
ਪੈਰਿਸ, 11 ਅਗਸਤ
ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੂੰ ਓਲੰਪਿਕ ਲਹਿਰ ਵਿੱਚ ਉਨ੍ਹਾਂ ਦੇ ‘ਵਿਸ਼ੇਸ਼ ਯੋਗਦਾਨ’ ਲਈ ਵੱਕਾਰੀ ‘ਓਲੰਪਿਕ ਆਰਡਰ’ ਨਾਲ ਨਿਵਾਜਿਆ ਗਿਆ। ਪੇਈਚਿੰਗ ਓਲੰਪਿਕ-2008 ਵਿੱਚ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਸਿਖਰ ’ਤੇ ਰਹਿ ਕੇ ਭਾਰਤ ਦੇ ਪਹਿਲੇ ਵਿਅਕਤੀਗਤ ਸੋਨ ਤਗ਼ਮਾ ਜੇਤੂ ਬਣੇ ਬਿੰਦਰਾ ਨੂੰ ਸ਼ਨਿਚਰਵਾਰ ਨੂੰ ਇੱਥੇ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ 142ਵੇਂ ਸੈਸ਼ਨ ਦੌਰਾਨ ਇਹ ਸਨਮਾਨ ਦਿੱਤਾ ਗਿਆ।
ਇਸ ਮੌਕੇ ਬਿੰਦਰਾ ਨੇ ਕਿਹਾ, ‘‘ਜਦੋਂ ਮੈਂ ਛੋਟਾ ਸੀ ਤਾਂ ਓਲੰਪਿਕ ਛੱਲੇ ਹੀ ਸਨ, ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਇੱਕ ਟੀਚਾ ਦਿੱਤਾ। ਦੋ ਹੋਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਆਪਣੇ ਓਲੰਪਿਕ ਸੁਫਨੇ ਨੂੰ ਪੂਰਾ ਕਰਨ ’ਚ ਸਮਰੱਥ ਹੋਣਾ ਮੇਰਾ ਲਈ ਕਿਸਮਤ ਵਾਲੀ ਗੱਲ ਸੀ। ਖਿਡਾਰੀ ਵਜੋਂ ਆਪਣੇ ਕਰੀਅਰ ਮਗਰੋਂ ਓਲੰਪਿਕ ਲਹਿਰ ’ਚ ਯੋਗਦਾਨ ਦੇਣ ਦੀ ਕੋਸ਼ਿਸ਼ ਕਰਨਾ ਮੇਰੇ ਲਈ ਬਹੁਤ ਵੱਡਾ ਜਨੂੰਨ ਰਿਹਾ ਹੈ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ।’’
ਆਈਓਸੀ ਅਥਲੀਟਸ ਕਮਿਸ਼ਨ ਦੇ ਉਪ ਪ੍ਰਧਾਨ ਬਿੰਦਰਾ (41) ਨੇ ਆਖਿਆ ਕਿ ਇਹ ਐਵਾਰਡ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰੇਗਾ। ਸਾਲ 1975 ’ਚ ਸਥਾਪਤ ਓਲੰਪਿਕ ਆਰਡਰ ਓਲੰਪਿਕ ਲਹਿਰ ਦਾ ਸਰਵਉੱਚ ਐਵਾਰਡ ਹੈ, ਜਿਹੜਾ ਓਲੰਪਿਕ ਲਹਿਰ ’ਚ ਵਿਸ਼ੇਸ਼ ਯੋਗਦਾਨ ਲਈ ਦਿੱਤਾ ਜਾਂਦਾ ਹੈ। ਬਿੰਦਰਾ ਨੇ ਸਿਡਨੀ ਓਲੰਪਿਕ-2000 ਤੋਂ ਲੈ ਕੇ ਪੰਜ ਓਲੰਪਿਕ ਖੇਡਾਂ ’ਚ ਹਿੱਸਾ ਲਿਆ ਹੈ। ਉਹ 2018 ਤੋਂ ਆਈਓਸੀ ਖਿਡਾਰੀ ਕਮਿਸ਼ਨ ਦਾ ਹਿੱਸਾ ਹੈ। -ਪੀਟੀਆਈ