ਲਾਸ ਏਂਜਲਸ ਓਲੰਪਿਕਸ ’ਚ ਖੇਡਣਗੀਆਂ ਪੁਰਸ਼ ਤੇ ਮਹਿਲਾ ਵਰਗ ਦੀਆਂ ਛੇ-ਛੇ ਕ੍ਰਿਕਟ ਟੀਮਾਂ
ਲਾਸ ਏਂਜਲਸ ਓਲੰਪਿਕ-2028 ਵਿੱਚ ਜਦੋਂ 128 ਸਾਲਾਂ ਬਾਅਦ ਕ੍ਰਿਕਟ ਦੀ ਵਾਪਸੀ ਹੋਵੇਗੀ ਤਾਂ ਪੁਰਸ਼ ਤੇ ਮਹਿਲਾ ਵਰਗ ’ਚ ਛੇ-ਛੇ ਟੀਮਾਂ ਸੋਨ ਤਗ਼ਮੇ ਲਈ ਦਾਅਵੇਦਾਰੀ ਪੇਸ਼ ਕਰਨਗੀਆਂ। ਪ੍ਰਬੰਧਕਾਂ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ।
ਇਸ ਤੋਂ ਪਹਿਲਾਂ 1900 ਵਿੱਚ ਹੋਈਆਂ ਪੈਰਿਸ ਓਲੰਪਿਕ ਖੇਡਾਂ ’ਚ ਕ੍ਰਿਕਟ ਸ਼ੁਮਾਰ ਸੀ। ਉਦੋਂ ਕ੍ਰਿਕਟ ’ਚ ਗ੍ਰੇਟ ਬ੍ਰਿਟੇਨ ਤੇ ਫਰਾਂਸ ਨੇ ਹੀ ਹਿੱਸਾ ਲਿਆ ਸੀ।
ਲਾਸ ਏਂਜਲਸ ਓਲੰਪਿਕ ’ਚ ਕ੍ਰਿਕਟ ਟੀ-20 ਫਾਰਮੈਟ ’ਚ ਖੇਡੀ ਜਾਵੇਗੀ, ਜਿਸ ਵਿੱਚ ਪੁਰਸ਼ ਤੇ ਮਹਿਲਾ ਵਰਗ ਵਿੱਚ ਛੇ-ਛੇ ਟੀਮਾਂ ਹਿੱਸਾ ਲੈਣਗੀਆਂ। ਹਰੇਕ ਟੀਮ 15 ਖਿਡਾਰੀ ਚੁਣ ਸਕਦੀ ਹੈ ਕਿਉਂਕਿ ਦੋਵਾਂ ਵਰਗਾਂ ’ਚ 90-90 ਖਿਡਾਰੀਆਂ ਦਾ ਕੋਟਾ ਅਲਾਟ ਕੀਤਾ ਗਿਆ ਹੈ।
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ’ਚ ਭਾਰਤ, ਅਫ਼ਗਾਨਿਸਤਾਨ, ਆਸਟਰੇਲੀਆ, ਬੰਗਲਾਦੇਸ਼, ਇੰਗਲੈਂਡ,, ਆਇਰਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਦੱਖਣੀ ਅਫਰੀਕਾ, ਸ੍ਰੀਲੰਕਾ, ਵੈਸਟ ਇੰਡੀਜ਼ ਤੇ ਜ਼ਿੰਬਾਬਵੇ 12 ਪੂਰਨ ਮੈਂਬਰ ਵਜੋਂ ਸ਼ਾਮਲ ਹਨ, ਜਦਕਿ 94 ਐਸੋਸੀਏਟ ਮੈਂਬਰ ਹਨ। ਓਲੰਪਿਕ-2028 ਲਈ ਕ੍ਰਿਕਟ ’ਚ ਕੁਆਲੀਫਾਈ ਕਰਨ ਦੇ ਤਰੀਕੇ ਬਾਰੇ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਪਰ ਅਮਰੀਕਾ ਨੂੰ ਮੇਜ਼ਬਾਨ ਹੋਣ ਕਾਰਨ ਸਿੱਧੀ ਐਂਟਰੀ ਮਿਲਣੀ ਤੈਅ ਹੈ।
ਇਸੇ ਦੌਰਾਨ ਆਈਓਸੀ ਦੇ ਕਾਰਜਕਾਰੀ ਬੋਰਡ ਵੱਲੋਂ ਬੁੱਧਵਾਰ ਨੂੰ ਓਲੰਪਿਕਸ-2028 ਲਈ ਮੁਕਾਬਲਿਆਂ ਦੇ ਪ੍ਰੋਗਰਾਮ ਤੇ ਖਿਡਾਰੀਆਂ ਦੇ ਕੋਟੇ ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਖੇਡਾਂ ’ਚ ਪੈਰਿਸ ਓਲੰਪਿਕ-2024 ਦੇ ਮੁਕਾਬਲੇ 22 ਵੱਧ ਖੇਡ ਈਵੈਂਟ ਹੋਣਗੇ। ਆਈਓਸੀ ਨੇ ਲਾਸ ਏਂਜਲਸ ਓਲੰਪਿਕ ਲਈ ਰਿਕਾਰਡ 351 ਤਗ਼ਮਾ ਮੁਕਾਬਲਿਆਂ ਨੂੰ ਮਨਜ਼ੂਰੀ ਦਿੱਤੀ ਪਰ ਖਿਡਾਰੀਆਂ ਦੀ ਗਿਣਤੀ 10,500 ਹੀ ਰਹੇਗੀ। -ਪੀਟੀਆਈ