ਭਾਰਤੀ ਤੇ ਚੀਨੀ ਫੌਜਾਂ ਜ਼ਿਆਦਾਤਰ ਸਰਹੱਦੀ ਥਾਵਾਂ ’ਤੇ ਪਿੱਛੇ ਹਟੀਆਂ: ਚੀਨ
ਪੇਈਚਿੰਗ, 28 ਜੁਲਾਈ
ਚੀਨ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਅਤੇ ਭਾਰਤ ਦੀਆਂ ਫੌਜਾਂ ਸਰਹੱਦ ’ਤੇ ਜ਼ਿਆਦਾਤਰ ਥਾਵਾਂ ’ਤੇ ਪਿੱਛੇ ਹਟ ਗਈਆਂ ਹਨ। ਇਸ ਦੇ ਨਾਲ ਹੀ ਉਸ ਨੇ ਦਾਅਵਾ ਕੀਤਾ ਕਿ ਹਾਲਾਤ ਸੁਧਰ ਰਹੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੈਨਬਨਿ ਨੇ ਭਾਰਤ ਅਤੇ ਚੀਨ ਦੀਆਂ ਫੌਜਾਂ ਦੇ ਪੂਰਬੀ ਲੱਦਾਖ ਦੇ ਗਲਵਾਨ, ਗੋਗਰਾ ਅਤੇ ਹੌਟ ਸਪਰਿੰਗ ਖੇਤਰਾਂ ਤੋਂ ਪਿੱਛੇ ਹਟਣ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਇਹ ਦਾਅਵਾ ਕੀਤਾ। ਚੀਨ ਦੇ ਸਰਕਾਰੀ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਵਿੱਚ ਪੈਨਗੋਂਗ ਤਸੋ ਜਿਥੇ ਸਭ ਤੋਂ ਵਧ ਵਿਵਾਦ ਹੈ ਜ਼ਾਹਰਾ ਤੌਰ ’ਤੇ ਗੈਰਹਾਜ਼ਰ ਰਿਹਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੀਨੀ ਬੁਲਾਰੇ ਨੇ ਭਾਰਤ ਅਤੇ ਚੀਨ ਵਿਚਾਲੇ ਹਾਲ ਹੀ ਵਿੱਚ ਫੌਜੀ ਅਤੇ ਕੁੂਟਨੀਤਕ ਪੱਧਰ ’ਤੇ ਹੋਈ ਗੱਲਬਾਤ ਦਾ ਜ਼ਿਕਰ ਕੀਤਾ। ਵਾਂਗ ਨੇ ਕਿਹਾ, ‘‘ ਹੁਣ ਸਰਹੱਦ ’ਤੇ ਜ਼ਿਆਦਾਤਰ ਇਲਾਕੇ ਵਿਚੋਂ ਫੌਜਾਂ ਪਿੱਛੇ ਹਟ ਗਈਆਂ ਹਨ ਅਤੇ ਜ਼ਮੀਨੀ ਪੱਧਰ ’ਤੇ ਹਾਲਾਤ ਸੁਧਰ ਰਹੇ ਹਨ।’’ ਦੂਜੇ ਪਾਸੇ ਨਵੀਂ ਦਿੱਲੀ ਵਿਚਲੇ ਭਾਰਤ ਸਰਕਾਰ ਦੇ ਸੂਤਰਾਂ ਨੇ ਇਸ ਬਿਆਨ ਨੂੰ ਗਲਤ ਕਰਾਰ ਦਿੱਤਾ ਹੈ। ਵਾਂਗ ਨੇ ਕਿਹਾ ਕਿ ਹੁਣ ਤਕ ਕਮਾਂਡਰ ਪੱਧਰ ’ਤੇ ਗੱਲਬਾਤ ਦੇ ਚਾਰ ਗੇੜ ਹੋ ਚੁੱਕੇ ਹਨ ਤੇ ਪੰਜਵੇਂ ਗੇੜ ਦੀ ਤਿਆਰੀ ਹੈ। ਉਨ੍ਹਾਂ ਉਮੀਦ ਜਤਾਈ ਕਿ ਭਾਰਤ ਸਰਹੱਦ ’ਤੇ ਸਾਂਤੀ ਤੇ ਸਥਿਰਤਾ ਦੀ ਬਹਾਲੀ ਲਈ ਚੀਨ ਨਾਲ ਸਹਿਯੋਗ ਕਰੇਗਾ। ਗੱਲਬਾਤ ਦੇ ਅਗਲੇ ਗੇੜ ਸਬੰਧੀ ਪੁੱਛੇ ਜਾਣ ’ਤੇ ਵਾਂਗ ਨੇ ਕਿਹਾ ਕਿ ਸਮੇਂ ਅਨੁਸਾਰ ਜਾਣਕਾਰੀ ਮਹੱਈਆ ਕਰਵਾ ਦਿੱਤੀ ਜਾਵੇਗੀ।