ਭੂਚਾਲ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰੇਗਾ ਭਾਰਤ: ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 28 ਮਾਰਚ
India stands ready to offer all possible assistance: PM Modi: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਅਤੇ ਥਾਈਲੈਂਡ ਵਿੱਚ ਭੂਚਾਲ ਕਾਰਨ ਹੋਈ ਤਬਾਹੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਦੋਵਾਂ ਦੇਸ਼ਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਭੂਚਾਲ ਕਾਰਨ ਥਾਈਲੈਂਡ ਦੇ ਕਈ ਹਿੱਸਿਆਂ ਨੂੰ ਵੱਡੇ ਪੱਧਰ ’ਤੇ ਤਬਾਹੀ ਹੋਈ ਹੈ ਜਿਸ ਵਿਚ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵੀ ਸ਼ਾਮਲ ਹੈ ਜਿੱਥੇ ਅਗਲੇ ਹਫ਼ਤੇ ਬਿਮਸਟੇਕ ਖੇਤਰੀ ਸਮੂਹ ਦਾ ਸੰਮੇਲਨ ਹੋਵੇਗਾ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰ ਦੇਸ਼ਾਂ ਦੇ ਆਗੂਆਂ ਨੇ ਸ਼ਾਮਲ ਹੋਣਾ ਸੀ। ਸ੍ਰੀ ਮੋਦੀ ਨੇ ਐਕਸ ’ਤੇ ਲਿਖਿਆ, ‘ਮਿਆਂਮਾਰ ਅਤੇ ਥਾਈਲੈਂਡ ਵਿੱਚ ਭੂਚਾਲ ਦੇ ਮੱਦੇਨਜ਼ਰ ਸਥਿਤੀ ਤੋਂ ਚਿੰਤਤ ਹਾਂ। ਸਾਰਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕਰ ਰਿਹਾ ਹਾਂ।’ ਇਹ ਪਤਾ ਲੱਗਾ ਹੈ ਕਿ ਭਾਰਤ ਦੋਵਾਂ ਦੇਸ਼ਾਂ ਨੂੰ ਸਹਾਇਤਾ ਭੇਜਣ ਦੀ ਤਿਆਰੀ ਕਰ ਰਿਹਾ ਹੈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਪੈਟੋਂਗਟਾਰਨ ਸ਼ਿਨਾਵਾਤਰਾ ਨੇ ਭੂਚਾਲ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਹੰਗਾਮੀ ਮੀਟਿੰਗ ਸੱਦੀ ਹੈ। ਥਾਈਲੈਂਡ ਵਿੱਚ ਭਾਰਤੀ ਦੂਤਾਵਾਸ ਨੇ ਐਕਸ ’ਤੇ ਪੋਸਟ ਕਰ ਕੇ ਕਿਹਾ ਹੈ ਕਿ ਇਸ ਭੂਚਾਲ ਕਾਰਨ ਕਿਸੇ ਵੀ ਭਾਰਤੀ ਨਾਗਰਿਕ ਨਾਲ ਅਣਸੁਖਾਵੀਂ ਘਟਨਾ ਦੀ ਕੋਈ ਰਿਪੋਰਟ ਨਹੀਂ ਹੈ।
ਇਸ ਭੂਚਾਲ ਨੇ ਥਾਈਲੈਂਡ ਤੇ ਮਿਆਂਮਾਰ ਦਾ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ ਤੇ ਲੋਕ ਇਸ ਭੂਚਾਲ ਕਾਰਨ ਸਦਮੇ ਵਿਚ ਹਨ।