ਭਾਰਤ ਏਸ਼ਿਆਡ ਕ੍ਰਿਕਟ ਦੇ ਫਾਈਨਲ ਵਿੱਚ, ਸ੍ਰੀਲੰਕਾ ਨਾਲ ਹੋਵੇਗੀ ਖਿਤਾਬੀ ਟੱਕਰ
ਹਾਂਗਜ਼ੂ, 24 ਸਤੰਬਰ
ਪੂਜਾ ਵਸਤਰਾਕਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇਥੇ ਬੰਗਲਾਦੇਸ਼ ਨੂੰ ਇਕਤਰਫ਼ਾ ਮੁਕਾਬਲੇ ਵਿੱਚ ਅੱਠ ਵਿਕਟਾਂ ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ। ਭਾਰਤੀ ਟੀਮ ਹੁਣ ਖਿਤਾਬੀ ਮੁਕਾਬਲੇ ਵਿਚ ਸ੍ਰੀਲੰਕਾ ਨਾਲ ਮੱਥਾ ਲਾਏਗੀ। ਸੱਜੇ ਹੱਥ ਦੀ ਤੇਜ਼ ਗੇਂਦਬਾਜ਼ ਪੂਜਾ ਨੂੰ ਚੀਨ ਲਈ ਰਵਾਨਾ ਹੋਣ ਤੋਂ ਠੀਕ ਪਹਿਲਾਂ ਅੰਜਲੀ ਸਰਵਾਨੀ ਦੀ ਥਾਂ ਟੀਮ ਵਿੱਚ ਥਾਂ ਮਿਲੀ ਸੀ। ਪੂਜਾ ਨੇ ਚਾਰ ਓਵਰਾਂ ਵਿੱਚ 17 ਦੌੜਾਂ ਬਦਲੇ ਚਾਰ ਵਿਕਟ ਲਏ। ਬੰਗਲਾਦੇਸ਼ ਦੀ ਟੀਮ 17.5 ਓਵਰਾਂ ਵਿੱਚ 51 ਦੌੜਾਂ ਹੀ ਬਣਾ ਸਕੀ, ਜੋ ਭਾਰਤ ਖਿਲਾਫ਼ ਉਸ ਦਾ ਸਭ ਤੋਂ ਹੇਠਲਾ ਸਕੋਰ ਹੈ। ਭਾਰਤ ਨੇ ਇਸ ਟੀਚੇ ਨੂੰ 8.1 ਓਵਰਾਂ ਵਿੱਚ ਪੂਰਾ ਕਰ ਲਿਆ। ਭਾਰਤ ਨੇ ਕਪਤਾਨ ਸਮ੍ਰਿਤੀ ਮੰਧਾਨਾ (7) ਤੇ ਸ਼ੇਫਾਲੀ ਵਰਮਾ (17) ਦੇ ਵਿਕਟ ਗਵਾਏ। ਕਨਿਕਾ ਆਹੂਜਾ ਤੇ ਜੈਮਿਮਾ ਰੌਡਰਿੰਗਜ਼ ਕ੍ਰਮਵਾਰ 1 ਤੇ 20 ਦੌੜਾਂ ਨਾਲ ਨਾਬਾਦ ਰਹੇ। ਦੂਜੇ ਸੈਮੀ ਫਾਈਨਲ ਵਿੱਚ ਸ੍ਰੀਲੰਕਾ ਨੇ ਸਾਬਕਾ ਚੈਂਪੀਅਨ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ। -ਪੀਟੀਆਈ