ਬਠਿੰਡਾ ਵਿੱਚ ਕਰੋਨਾ ਦੇ 31 ਨਵੇਂ ਮਰੀਜ਼ ਸਾਹਮਣੇ ਆਏ
ਪੱਤਰ ਪੇ੍ਰਕ
ਬਠਿੰਡਾ, 27 ਜੁਲਾਈ
ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸੋਮਵਾਰ 10 ਹੋਰ ਵਿਅਕਤੀ ਕਰੋਨਾ ਨੂੰ ਹਰਾ ਕੇ ਆਪੋ-ਆਪਣੇ ਘਰਾਂ ਨੂੰ ਪਰਤ ਗਏ ਹਨ। ਮਿਲੇ ਵੇਰਵਿਆਂ ਅਨੁਸਾਰ ਸੋਮਵਾਰ ਨੂੰ 135 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਤੇ 31 ਕੇਸ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਨਿਾਂ ਵਿਚੋਂ 27 ਬਠਿੰਡਾ ਜ਼ਿਲੇ ਨਾਲ ਤੇ 4 ਬਾਹਰਲੇ ਰਾਜਾਂ ਨਾਲ ਸਬੰਧਤ ਹਨ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲੇ ਅੰਦਰ ਹੁਣ ਤੱਕ ਕੁੱਲ 282 ਕੇਸ ਪਾਜ਼ੇਟਿਵ ਆਏ ਸਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੁਕਤਸਰ ‘ਚ ਕਰੋਨਾ ਦੇ ਅੱਠ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਇਨ੍ਹਾਂ ’ਚੋਂ ਛੇ ਵਿਅਕਤੀ ਆਮਦਨ ਕਰ ਵਿਭਾਗ ਦੇ ਮੁਲਾਜ਼ਮ ਹਨ। ਇਸ ਵੇਲੇ ਜ਼ਿਲ੍ਹੇ ਵਿੱਚ ਕੁੱਲ 37 ਐਕਟਿਵ ਮਰੀਜ਼ ਹਨ।
ਮੋਗਾ (ਨਿੱਜੀ ਪੱਤਰ ਪੇ੍ਰਕ): ਮੋਗਾ ’ਚ ਕਰੋਨਾ ਦੇ 14 ਨਵੇਂ ਮਰੀਜ਼ ਆਏ ਹਨ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਮੋਗਾ ’ਚ ਕੁੱਲ 108 ਐਕਟਿਵ ਮਰੀਜ਼ ਹਨ 63 ਨੂੰ ਘਰਾਂ ਵਿੱਚ ਅਤੇ 11 ਨੂੰ ਸਰਕਾਰੀ ਤੌਰ ਉੱਤੇ ਇਕਾਂਤਵਾਸ ਕੀਤਾ ਗਿਆ। 13 ਕੇਸਾਂ ਨੂੰ ਲੈਵਲ 1 ਆਈਸੋਲੇਸਨ ਸੈਟਰਾਂ ਵਿੱਚ, ਅਤੇ 7 ਕੇਸ ਲੁਧਿਆਣਾ ਦੇ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਹਨ।
ਫਰੀਦਕੋਟ (ਨਿੱਜੀ ਪੱਤਰ ਪੇ੍ਰਕ): ਫਰੀਦਕੋਟ ਜਿਲੇ ‘ਚ ਦੋ ਹੋਰ ਕਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਦੋਂ ਕਿ ਦੋ ਮਰੀਜ ਸਿਹਤਯਾਬ ਹੋ ਕੇ ਘਰ ਪਰਤੇ ਹਨ। ਕਰੋਨਾ ਦੇ ਐਕਟਿਵ 75 ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦਿੱਤੀ।
ਹੰਡਿਆਇਆ (ਕੁਲਦੀਪ ਸੂਦ): ਕਸਬਾ ਹੰਡਿਆਇਆ ਵਿਖੇ 2 ਵਿਅਕਤੀਆਂ ਦੇ ਕਰੋਨਾ ਪਾਜ਼ੀਟਿਵ ਆਉਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ’ਚ ਇਕ ਬੱਚੀ ਸਮੇਤ ਪੰਜ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਉਣ ਮਗਰੋਂ ਇਥੇ ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 327 ’ਤੇ ਪੁੱਜ ਗਿਆ ਹੈ।
ਨਾਇਬ ਤਹਿਸੀਦਾਰ ਕਰੋਨਾ ਪਾਜ਼ੇਟਿਵ
ਮੌੜ ਮੰਡੀ (ਕੁਲਦੀਪ ਭੁੱਲਰ): ਸਬ ਤਹਿਸੀਲ ਬਾਲਿਆਂਵਾਲੀ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਮੌੜ ਤਹਿਸੀਲ ਕੰਪਲੈਕਸ ਅਤੇ ਬਾਲਿਆਂਵਲੀ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਐੱਸਡੀਐੱਮ ਮੌੜ ਰਮੇਸ਼ ਜੈਨ ਵੱਲੋਂ ਉਪ ਮੰਡਲ ਮੈਜਿਸਟਰੇਟ ਦਫਤਰ, ਤਹਿਸੀਲਦਾਰ ਦਫਤਰ ਮੌੜ, ਨਾਇਬ ਤਹਿਸੀਲਦਾਰ ਦਫਤਰ ਬਾਲਿਆਂਵਾਲੀ, ਫਰਦ ਕੇਂਦਰ ਮੌੜ, ਬਾਲਿਆਂਵਾਲੀ ਨੂੰ 2 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਦੇ ਦਿੱਤੇ ਗਏ। ਉਨ੍ਹਾਂ ਇਸ ਸਮੇਂ ਦੌਰਾਨ ਮੌੜ ਤੇ ਬਾਲਿਆਂਵਾਲੀ ਤਹਿਸੀਲ ਵਿਖੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਆਪਣੇ ਆਪ ਨੂੰ ਆਪਣੇ ਘਰਾਂ ਵਿੱਚ ਇਕਾਂਤਵਾਸ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਐਸ.ਡੀ.ਐਮ ਨੇ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।