ਰਾਜਸਥਾਨ ਦੀ ਰਾਜਨੀਤੀ ਵਿੱਚ ਖੇਤਰੀ ਪਾਰਟੀਆਂ ਦੀ ਅਹਿਮ ਭੂਮਿਕਾ: ਚੌਟਾਲਾ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 13 ਨਵੰਬਰ
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਗੋਵਰਧਨ ਪੂਜਾ, ਵਿਸ਼ਵਕਰਮਾ ਦਿਵਸ ਅਤੇ ਭਾਈ ਦੂਜ ਦੇ ਸ਼ੁਭ ਮੌਕੇ ’ਤੇ ਰਾਜ ਦੇ ਲੋਕਾਂ ਨੂੰ ਹਾਰਦਿਕ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਸ੍ਰੀ ਚੌਟਾਲਾ ਨੇ ਆਪਣੀ ਰਿਹਾਇਸ਼ ’ਤੇ ਆਮ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਰਾਜਸਥਾਨ ਚੋਣਾਂ ’ਚ ਹਰਿਆਣਾ ਦੀ ਜਨਨਾਇਕ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਦੀ ਟੀਮ 15 ਨਵੰਬਰ ਤੋਂ ਰਾਜਸਥਾਨ ਵਿਧਾਨ ਸਭਾ ਚੋਣ ਪ੍ਰਚਾਰ ’ਚ ਆਪਣੀ ਪੂਰੀ ਤਾਕਤ ਲਗਾ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ 5 ਦਿਨਾਂ ਤੱਕ ਰਾਜਸਥਾਨ ਵਿੱਚ ਪਾਰਟੀ ਉਮੀਦਵਾਰਾਂ ਲਈ ਖੁਦ ਪ੍ਰਚਾਰ ਕਰਨਗੇ।
ਇਸ ਦੌਰਾਨ ਰਾਜਸਥਾਨ ਵਿੱਚ ਜੇਜੇਪੀ ਵੱਲੋਂ ਚੋਣ ਲੜਨ ਸਬੰਧੀ ਵਿਰੋਧੀ ਪਾਰਟੀਆਂ ਵੱਲੋਂ ਉਠਾਏ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਨੇ ਕਦੇ ਵੀ ਹਰਿਆਣਾ ਅਤੇ ਰਾਜਸਥਾਨ ਵਿੱਚ ਵਿਤਕਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਜੇਪੀ ਰਾਜਸਥਾਨ ਵਿੱਚ ਜ਼ੋਰਦਾਰ ਢੰਗ ਨਾਲ ਚੋਣਾਂ ਲੜ ਰਹੀ ਹੈ ਅਤੇ ਇਸ ਵਾਰ ਰਾਜਸਥਾਨ ਦੀ ਰਾਜਨੀਤੀ ਵਿੱਚ ਖੇਤਰੀ ਪਾਰਟੀਆਂ ਦੀ ਅਹਿਮ ਭੂਮਿਕਾ ਹੋਵੇਗੀ।