ਹਾਕੀ ਓਲੰਪੀਅਨ ਮਨਦੀਪ ਤੇ ਉਦਿਤਾ ਵਿਆਹ ਬੰਧਨ ’ਚ ਬੱਝੇ
ਹਤਿੰਦਰ ਮਹਿਤਾ
ਜਲੰਧਰ, 21 ਮਾਰਚ
ਹਾਕੀ ਓਲੰਪੀਅਨ ਮਨਦੀਪ ਸਿੰਘ ਅਤੇ ਉਦਿਤਾ ਦੁਹਾਨ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ। ਜਲੰਧਰ ਦੇ ਮਨਦੀਪ ਸਿੰਘ ਅਤੇ ਹਿਸਾਰ ਦੀ ਉਦਿਤਾ ਦੇ ਆਨੰਦ ਕਾਰਜ ਇੱਥੇ ਮਾਡਲ ਟਾਊਨ ਦੇ ਗੁਰਦੁਆਰਾ ਸਿੰਘ ਸਭਾ ’ਚ ਹੋਏ। ਇਸ ਮੌਕੇ ਭਾਰਤੀ ਹਾਕੀ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੇ ਸ਼ਿਰਕਤ ਕੀਤੀ। ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਵੀ ਸਟਾਰ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਹੋਏ ਸਨ। ਉਦਿਤਾ ਨੇ ਲਾਲ ਸੂਟ ਪਾਇਆ ਹੋਇਆ ਸੀ, ਜਿਸ ’ਤੇ ਸੁਨਹਿਰੀ ਰੰਗ ਦੀ ਕਢਾਈ ਸੀ। ਉਸ ਨੇ ਸੋਨੇ ਦੇ ਗਹਿਣੇ ਪਾਏ ਹੋਏ ਸਨ ਤੇ ਪੰਜਾਬੀ ਪਹਿਰਾਵੇ ’ਚ ਫੱਬ ਰਹੀ ਸੀ। ਮਨਦੀਪ ਨੇ ਪਿਸਤਾ ਰੰਗ ਦੀ ਸ਼ੇਰਵਾਨੀ ਨਾਲ ਲਾਲ ਪੱਗ ਬੰਨ੍ਹੀ ਹੋਈ ਸੀ। ਜੋੜੇ ਨੇ ਕਿਹਾ ਕਿ ਉਹ ਪਹਿਲੀ ਵਾਰ ਸਾਲ 2018 ਵਿੱਚ ਏਸ਼ੀਆਈ ਖੇਡਾਂ ਲਈ ਅਭਿਆਸ ਕਰਦੇ ਹੋਏ ਬੰਗਲੁਰੂ ਵਿੱਚ ਮਿਲੇ ਸਨ ਤੇ ਚੰਗੇ ਦੋਸਤ ਬਣ ਗਏ ਸਨ। ਉਦਿਤਾ ਨੇ ਕਿਹਾ, ‘‘ਅਸੀਂ ਇੱਕੋ ਪੇਸ਼ੇ ਤੋਂ ਹਾਂ, ਇਕ ਦੂਜੇ ਤੋਂ ਆਪਸੀ ਸਮਝਦਾਰੀ ਦੀ ਉਮੀਦ ਕਰਦੇ ਹਾਂ ਅਤੇ ਖੇਡ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਕੁਝ ਦਿਨਾਂ ਬਾਅਦ ਹੀ ਆਪਣੇ ਅਭਿਆਸ ਸੈਸ਼ਨਾਂ ਵਿੱਚ ਜਾਵਾਂਗੇ।’’ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਵੀ ਮਨਦੀਪ ਦੇ ਵਿਆਹ ਲਈ ਰੱਖੇ ਹਰ ਸਮਾਗਮ ’ਚ ਸ਼ਿਰਕਤ ਕੀਤੀ। ਮਨਦੀਪ ਦੇ ਪਿਤਾ ਰਵਿੰਦਰਜੀਤ ਸਿੰਘ ਅਤੇ ਮਾਤਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਪਰਿਵਾਰ ਵਿੱਚ ਹਰ ਕੋਈ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ, ਉਨ੍ਹਾਂ ਨੂੰ ਉਮੀਦ ਹੈ ਕਿ ਸਾਲ 2028 ਦੇ ਲਾਸ ਏਂਜਲਸ ਓਲੰਪਿਕ ਵਿੱਚੋਂ ਉਨ੍ਹਾਂ ਦੇ ਘਰ ਦੋ ਤਗਮੇ ਆਉਣਗੇ।