ਹਿਮਾਚਲ ਪ੍ਰਦੇਸ਼: ਮੁੱਖ ਸਕੱਤਰ ਅਤੇ ਮੰਡੀ ਦੇ ਡੀਸੀ ਦਫ਼ਤਰਾਂ ਨੂੰ ਬੰਬ ਦੀ ਧਮਕੀ ਤੋਂ ਬਾਅਦ ਅਧਿਕਾਰੀ ਅਲਰਟ ’ਤੇ
ਸ਼ਿਮਲਾ/ਮੰਡੀ (ਹਿਮਾਚਲ ਪ੍ਰਦੇਸ਼), 17 ਅਪਰੈਲ
ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਪ੍ਰਬੋਧ ਸਕਸੇਨਾ ਨੇ ਵੀਰਵਾਰ ਨੂੰ ਦੱਸਿਆ ਕਿ ਬੀਤੇ ਦਿਨ ਮੰਡੀ ਵਿਚ ਡਿਪਟੀ ਕਮਿਸ਼ਨਰ (ਡੀਸੀ) ਦਫ਼ਤਰ ਵਿਚ ਬੰਬ ਰੱਖੇ ਹੋਣ ਦੀ ਸੂਚਨਾ ਵਾਲਾ ਈਮੇਲ ਮਿਲਣ ਤੋਂ ਬਾਅਦ ਉਸੇ ਦਿਨ ਸ਼ਿਮਲਾ ਵਿਖੇ ਉਨ੍ਹਾਂ ਦੇ ਦਫ਼ਤਰ ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਵਾਲੀ ਈਮੇਲ ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਦਫਤਰਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ । ਸੂਤਰਾਂ ਨੇ ਦੱਸਿਆ ਕਿ ਸ਼ਿਮਲਾ ਦੇ ਸਕੱਤਰੇਤ ਕੰਪਲੈਕਸ ਵਿਚ ਸਥਿਤ ਮੁੱਖ ਸਕੱਤਰ ਦੇ ਦਫ਼ਤਰ ਦੇ ਹਵਾਲੇ ਨਾਲ ਈਮੇਲ ਵਿਚ ਦਾਅਵਾ ਕੀਤਾ ਗਿਆ ਹੈ ਕਿ ਤਾਮਿਲਨਾਡੂ ਵਿੱਚ ਕੁਝ ਹੋਣ ਵਾਲਾ ਹੈ ਅਤੇ ਹਿਮਾਚਲ ਪ੍ਰਦੇਸ਼ ਵਿੱਚ ਧਮਕੀ ਨੂੰ ਲਾਗੂ ਕਰਨ ਦਾ ਸਮਾਂ ਉਸ ਅਨੁਸਾਰ ਐਡਜਸਟ ਕੀਤਾ ਜਾਵੇਗਾ।
ਸਕਸੇਨਾ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੁੱਧਵਾਰ ਨੂੰ ਇਕ ਸ਼ਿਮਲਾ ਵਿਖੇ ਉਨ੍ਹਾਂ ਦੇ ਦਫ਼ਤਰ ਵਿਚ ਅਤੇ ਦੂਜਾ ਮੰਡੀ ਦੇ ਡੀਸੀ ਦਫ਼ਤਰ ਵਿਚ ਦੋ ਧਮਕੀ ਭਰੇ ਈਮੇਲ ਮਿਲੇ ਹਨ। ਉਨ੍ਹਾਂ ਕਿਹਾ ‘‘ਦੋਹੇਂ ਈਮੇਲ ਕਿੱਥੋਂ ਭੇਜੇ ਗਏ, ਇਹ ਪਤਾ ਲਗਾਇਆ ਜਾ ਰਿਹਾ ਹੈ ਅਤੇ ਜੇ ਲੋੜ ਪਈ ਤਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕੇਂਦਰੀ ਏਜੰਸੀਆਂ ਦੀ ਮਦਦ ਲਈ ਜਾਵੇਗੀ।’’
ਮੁੱਖ ਸਕੱਤਰ ਨੇ ਕਿਹਾ ਕਿ ਬੁੱਧਵਾਰ ਨੂੰ ਦੋਹੇ ਦਫ਼ਤਰ ਖਾਲੀ ਕਰਵਾ ਲਏ ਗਏ ਅਤੇ ਤਲਾਸ਼ੀ ਲੀਤੀ ਗਈ, ਪਰ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ ਅਤੇ ਦੋਹਾਂ ਥਾਵਾਂ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸਕਸੇਨਾ ਨੇ ਇਹ ਵੀ ਕਿਹਾ ਕਿ ਹਾਲ ਹੀ ਵਿੱਚ ਕੁਝ ਸਕੂਲਾਂ ਅਤੇ ਏਅਰਲਾਈਨਜ਼ ਨੂੰ ਵੀ ਅਜਿਹੀਆਂ ਧਮਕੀਆਂ ਮਿਲੀਆਂ ਸਨ, ਪਰ ਕੋਈ ਅਣਹੋਣੀ ਨਹੀਂ ਵਾਪਰੀ।
ਮੰਡੀ ਵਿਚ ਡੀਸੀ ਦਫ਼ਤਰ ਦੇ ਕਰਮਚਾਰੀਆਂ ਨੂੰ ਸੁਰੱਖਿਆ ਜਾਂਚ ਤੋਂ ਬਾਅਦ ਵੀਰਵਾਰ ਨੂੰ ਕੰਮ ’ਤੇ ਆਉਣ ਦੀ ਇਜਾਜ਼ਤ ਦਿੱਤੀ ਗਈ। ਹਾਲਾਂਕਿ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜਦੋਂ ਤੱਕ ਕੋਈ ਜਰੂਰੀ ਕੰਮ ਨਾ ਹੋਵੇ, ਉਹ ਦਫ਼ਤਰ ਵਿੱਚ ਨਾ ਆਉਣ। ਮੰਡੀ ਐੱਸਪੀ ਸਾਖ਼ਸ਼ੀ ਵਰਮਾ ਨੇ ਕਿਹਾ ਕਿ ਬੰਬ ਠੁੱਸ ਦਸਤੇ, ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF), ਖੁਫੀਆ ਕੁੱਤਿਆਂ ਦੇ ਦਸਤੇ ਅਤੇ ਮੰਡੀ, ਕੁੱਲੂ ਤੇ ਬਿਲਾਸਪੁਰ ਦੀ ਤਿੰਨ ਪੁਲਿਸ ਟੀਮਾਂ ਨੇ ਮਿਲ ਕੇ ਦਫ਼ਤਰ ਦੀ ਡੂੰਘਾਈ ਨਾਲ ਜਾਂਚ ਕੀਤੀ ਹੈ। -ਪੀਟੀਆਈ