Punjab News: ਜੌੜੇਪੁਲ ਨਹਿਰ ਵਿੱਚ ਕਾਰ ਡਿੱਗਣ ਕਾਰਨ ਚਾਰ ਜਣਿਆਂ ਦੀ ਹੋਈ ਮੌਤ
ਦੇਵਿੰਦਰ ਸਿੰਘ ਜੱਗੀ
ਪਾਇਲ, 13 ਮਈ
ਚਾਰ ਜ਼ਿਲ੍ਹਿਆਂ ਦੀ ਹੱਦ ’ਤੇ ਪੈਂਦੇ ਜੌੜੇਪੁਲ ਨਹਿਰ ਵਿੱਚ ਕਾਰ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਿਸ ਦੀ ਖਬਰ ਮਿਲਦੇ ਹੀ ਇਲਾਕੇ ਵਿੱਚ ਸੋਗ ਫੈਲ ਗਿਆ। ਕਰੀਬ 40 ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਪੁਲੀਸ ਨੂੰ ਮਿਲੀਆਂ। ਡੀਐੱਸਪੀ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਰਿਵਾਰ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ 11 ਤੇ 12 ਮਈ ਦੀ ਰਾਤ ਨੂੰ ਮਾਲੇਰਕੋਟਲਾ ਦੇ ਪਿੰਡ ਸੰਗਾਲਾ, ਰਟੌਲਾ ਨੇੜੇ ਇੱਕ ਟਰੱਕ ਏਜੰਸੀ ਵਿੱਚ ਕੰਮ ਕਰਦੇ ਚਾਰ ਵਿਅਕਤੀਆਂ ਗੋਪਾਲ ਕ੍ਰਿਸ਼ਨ, ਜਤਿੰਦਰ ਕੁਮਾਰ ਚੌਧਰੀ, ਰਾਜਸਥਾਨ ਗਗਨਦੀਪ ਸਿੰਘ ਵਾਸੀ ਘਨੌੜ ਜੱਟਾਂ, ਸੁੱਜਨ ਮਲਿਕ ਨੇ ਕਾਰ ਰਾਹੀਂ ਹਰਿਦੁਆਰ ਜਾਣਾ ਸੀ ਤੇ ਉਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਸੀ, ਜਿਨ੍ਹਾਂ ਵਿੱਚ ਇੱਕ ਏਜੰਸੀ ਦਾ ਮੈਨੇਜਰ ਵੀ ਸ਼ਾਮਲ ਹੈ। ਹਾਦਸੇ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦੀ ਉਮਰ ਕਰੀਬ 25 ਤੋਂ 40 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਦੋ ਦਿਨ ਤੋਂ ਲਾਪਤਾ ਹੋਏ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਫੋਨ ਦੀ ਲੋਕੇਸ਼ਨ ਜੌੜੇਪੁਲ ਨਹਿਰ ਦੇ ਆਲੇ ਦੁਆਲੇ ਹੋਣ ਦੀ ਮਿਲ ਰਹੀ ਸੀ ਤੇ ਇੱਥੇ ਆ ਕੇ ਕਾਰ ਗਾਇਬ ਹੋ ਗਈ ਹੈ। ਕਾਰ ਦੀ ਸਪੀਡ ਇੰਨੀ ਤੇਜ਼ ਸੀ ਕਿ ਨਹਿਰ ਕਿਨਾਰੇ ਲੱਗੇ ਭਾਰੀ ਲੋਹੇ ਦੇ ਪਾਈਪਾਂ ਨੂੰ ਤੋੜ ਕੇ ਕਾਰ ਨਹਿਰ ਵਿੱਚ ਸਿੱਧੀ ਜਾ ਡਿੱਗੀ। ਪੁਲੀਸ ਵੱਲੋਂ ਕਾਰ ਨੂੰ ਨਹਿਰ ਵਿੱਚੋਂ ਕੱਢਣ ਤੋਂ ਬਾਅਦ ਚਾਰ ਕਾਰ ਸਵਾਰ ਵਿਅਕਤੀਆਂ ਦੀਆ ਲਾਸ਼ਾਂ ਮਿਲੀਆਂ ਜਿਨ੍ਹਾਂ ਦੀ ਪਹਿਚਾਣ ਕਰਨੀ ਔਖੀ ਹੋ ਰਹੀ ਸੀ। ਪੁਲੀਸ ਚੌਂਕੀ ਹਿੰਮਤਾਣਾ ਵੱਲੋਂ ਲਾਸ਼ਾਂ ਦੇ ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਦੇ ਮੈਂਬਰਾਂ ਨੂੰ ਸੌਂਪੀਆਂ ਜਾਣਗੀਆਂ।