ਨਸ਼ਾ ਤਸਕਰਾਂ ਵੱਲੋਂ ਚਲਾਈ ਗੋਲੀ ਕਾਰਨ ਰਾਹਗੀਰ ਦੀ ਮੌਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਜੂਨ
ਬੀਤੀ ਰਾਤ ਸਰਹੱਦੀ ਪਿੰਡ ਨੇਸ਼ਟਾ ਵਿੱਚ ਨਸ਼ਾ ਤਸਕਰਾਂ ਵੱਲੋਂ ਚਲਾਈ ਗੋਲੀ ਨਾਲ ਤਰਨ ਤਾਰਨ ਦੇ ਪਿੰਡ ਰਸੂਲਪੁਰ ਦੇ ਵਾਸੀ ਗੁਰਜੀਤ ਸਿੰਘ (35) ਦੀ ਮੌਤ ਹੋ ਗਈ। ਪੀੜਤ ਪਿੰਡ ਵਿੱਚ ਕੁਝ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ। ਇਸ ਸਬੰਧੀ ਦਾਅਵਾ ਪੁਲੀਸ ਨੇ ਕੀਤਾ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲੀਸ ਦੋ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਸੀ ਜੋ ਪੁਲੀਸ ਚੌਕੀ ਕੋਲੋਂ ਉਸ ਵੇਲੇ ਭੱਜੇ ਸਨ, ਜਦੋਂ ਉਨ੍ਹਾਂ ਨੂੰ ਜਾਂਚ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪੁਲੀਸ ਨੇ ਘਟਨਾ ਵਾਲੀ ਥਾਂ ਤੋਂ 5 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ, ਜੋ ਮੁਲਜ਼ਮਾਂ ਨੇ ਉੱਥੋਂ ਭੱਜਦੇ ਸਮੇਂ ਸੁੱਟ ਦਿੱਤੀ ਸੀ।
ਘਰਿੰਡਾ ਪੁਲੀਸ ਥਾਣੇ ਦੇ ਐੱਸਐੱਚਓ ਅਮਨਦੀਪ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪੁਲੀਸ ਨੂੰ ਮੋਟਰਸਾਈਕਲ ਸਵਾਰ ਦੋ ਨਸ਼ਾ ਤਸਕਰਾਂ ਦੀ ਗਤੀਵਿਧੀ ਬਾਰੇ ਸੂਚਨਾ ਮਿਲੀ। ਪੁਲੀਸ ਨੇ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਨੇ ਭੱਜਣ ਦਾ ਯਤਨ ਕੀਤਾ। ਪਿੱਛੇ ਬੈਠਾ ਸਵਾਰ ਖੇਤਾਂ ਵੱਲ ਭੱਜਿਆ। ਮੋਟਰਸਾਈਕਲ ਚਾਲਕ ਮੌਕੇ ਤੋਂ ਭੱਜ ਗਿਆ ਅਤੇ ਪੁਲੀਸ ਨੇ ਫ਼ਰਾਰ ਤਸਕਰ ਦਾ ਪਿੱਛਾ ਕੀਤਾ। ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੁਲਜ਼ਮ ਨੂੰ ਆਤਮ ਸਮਰਪਣ ਲਈ ਕਿਹਾ ਪਰ ਮੁਲਜ਼ਮ ਨੇ ਅਚਾਨਕ ਨਸ਼ੀਲੇ ਪਦਾਰਥਾਂ ਵਾਲਾ ਬੈਗ ਸੁੱਟ ਦਿੱਤਾ। ਉਸ ਨੇ ਪਿਸਤੌਲ ਕੱਢੀ ਅਤੇ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਇਹ ਗੋਲੀ ਰਾਹਗੀਰ ਨੂੰ ਲੱਗੀ ਜਿਸ ਦੀ ਪਛਾਣ ਗੁਰਜੀਤ ਸਿੰਘ ਉਰਫ਼ ਬਿੱਲਾ ਵਜੋਂ ਹੋਈ।
ਪੁਲੀਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਤਸਕਰਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।