ਹਿਮਾਚਲ: ਕਾਂਗਰਸ ਦੇ ਸਾਬਕਾ ਵਿਧਾਇਕ ’ਤੇ ਹਮਲਾ
ਸ਼ਿਮਲਾ, 15 ਮਾਰਚ
ਕਾਂਗਰਸ ਦੇ ਸਾਬਕਾ ਵਿਧਾਇਕ ਬੰਬਰ ਠਾਕੁਰ ’ਤੇ ਸ਼ੁੱਕਰਵਾਰ ਨੂੰ ਬਿਲਾਸਪੁਰ ’ਚ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਹਮਲੇ ’ਚ ਉਹ ਅਤੇ ਉਨ੍ਹਾਂ ਦਾ ਨਿੱਜੀ ਸੁਰੱਖਿਆ ਅਧਿਕਾਰੀ ਜ਼ਖ਼ਮੀ ਹੋਏ ਹਨ। ਬੰਬਰ ਠਾਕੁਰ ਨੇ ਦੋਸ਼ ਲਾਇਆ ਕਿ ਸਥਾਨਕ ਭਾਜਪਾ ਵਿਧਾਇਕ ਵੱਲੋਂ ਉਸ ’ਤੇ ਹਮਲਾ ਕਰਨ ਵਾਲੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਪੁਲੀਸ ਨੇ ਕਿਹਾ ਕਿ ਠਾਕੁਰ ਜਦੋਂ ਆਪਣੀ ਪਤਨੀ ਦੀ ਸਰਕਾਰੀ ਰਿਹਾਇਸ਼ ’ਤੇ ਬੈਠੇ ਹੋਏ ਸਨ ਤਾਂ ਹਮਲਾਵਰਾਂ ਨੇ 12 ਰੌਂਦ ਗੋਲੀਆਂ ਦਾਗ਼ੀਆਂ ਜਿਸ ’ਚੋਂ ਇਕ ਗੋਲੀ ਉਨ੍ਹਾਂ ਦੀ ਲੱਤ ’ਤੇ ਲੱਗੀ। ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ’ਚ ਜ਼ੇਰੇ ਇਲਾਜ ਠਾਕੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਜੇ ਵਿਧਾਇਕ ਤ੍ਰਿਲੋਕ ਜਾਮਵਾਲ ਨਸ਼ਾ ਤਸਕਰਾਂ ਨੂੰ ਹਮਾਇਤ ਨਾ ਦੇਵੇ ਤਾਂ ਅਜਿਹੀਆਂ ਘਟਨਾਵਾਂ ਨਹੀਂ ਵਾਪਰਨਗੀਆਂ। ਜੇ ਕਾਂਗਰਸ ਹਕੂਮਤ ਦੌਰਾਨ ਮੇਰੇ ’ਤੇ ਘਰ ’ਚ ਹੀ ਹਮਲਾ ਹੋ ਸਕਦਾ ਹੈ ਤਾਂ ਫਿਰ ਭਾਜਪਾ ਕਾਰਜਕਾਲ ਦੌਰਾਨ ਤਾਂ ਮੈਨੂੰ ਮਾਰ ਹੀ ਦਿੱਤਾ ਜਾਣਾ ਸੀ।’’
ਠਾਕੁਰ ਨੇ ਕਿਹਾ ਕਿ ਚਿੱਟੇ ਦੇ ਤਸਕਰਾਂ ਖ਼ਿਲਾਫ਼ ਉਨ੍ਹਾਂ ਰੈਲੀ ਕੱਢ ਕੇ ਮੰਗ ਕੀਤੀ ਸੀ ਕਿ ਉਨ੍ਹਾਂ ਦੀਆਂ ਸੰਪਤੀਆਂ ਜ਼ਬਤ ਕੀਤੀਆਂ ਜਾਣ ਜਿਸ ਕਾਰਨ ਚਿੱਟਾ ਤਸਕਰਾਂ ਨੇ ਉਨ੍ਹਾਂ ’ਤੇ ਹਮਲਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀਆਂ ਚੋਣਾਂ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ’ਤੇ ਵੀ ਹਮਲਾ ਹੋਇਆ ਸੀ। ਉਧਰ ਜਾਮਵਾਲ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇ ਕਾਂਗਰਸ ਦਾ ਸਾਬਕਾ ਵਿਧਾਇਕ ਹੀ ਸੁਰੱਖਿਅਤ ਨਹੀਂ ਹੈ ਤਾਂ ਫਿਰ ਆਮ ਆਦਮੀ ਦਾ ਕੀ ਬਣੇਗਾ। ਉਨ੍ਹਾਂ ਹਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਐਤਵਾਰ ਸ਼ਾਮ ਤੱਕ ਮੁਲਜ਼ਮ ਨਾ ਫੜੇ ਗਏ ਤਾਂ ਸੋਮਵਾਰ ਨੂੰ ਬਿਲਾਸਪੁਰ ਬੰਦ ਰੱਖਿਆ ਜਾਵੇਗਾ। ਭਾਜਪਾ ਨੇ ਹਮਲੇ ਦੇ ਰੋਸ ਵਜੋਂ ਬਿਲਾਸਪੁਰ ’ਚ ਅੱਜ ਇਕ ਰੈਲੀ ਵੀ ਕੱਢੀ। -ਪੀਟੀਆਈ
ਮੁੱਖ ਮੰਤਰੀ ਸੁੱਖੂ ਵੱਲੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਸਾਬਕਾ ਵਿਧਾਇਕ ਬੰਬਰ ਠਾਕੁਰ ਦਾ ਹਾਲ-ਚਾਲ ਜਾਣਨ ਲਈ ਇੱਥੇ ਇੰਦਰਾ ਗਾਂਧੀ ਮੈਡੀਕਲ ਕਾਲਜ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਸੁੱਖੂ ਨੇ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਵੀ ਕਾਮਨਾ ਕੀਤੀ।