Hike in salaries, pensions for MPs: ਸੰਸਦ ਮੈਂਬਰਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਵਿੱਚ 24% ਵਾਧਾ
ਸੰਸਦ ਮੈਂਬਰ ਨੂੰ ਹੁਣ ਮਾਸਕ 1.24 ਲੱਖ ਰੁਪਏ ਤਨਖ਼ਾਹ ਮਿਲੇਗੀ, ਜੋ ਪਹਿਲਾਂ 1 ਲੱਖ ਰੁਪਏ ਪ੍ਰਤੀ ਮਹੀਨਾ ਸੀ
ਨਵੀਂ ਦਿੱਲੀ, 24 ਮਾਰਚ
Hike in salaries, pensions for MPs: ਕੇਂਦਰ ਸਰਕਾਰ ਨੇ ਸੋਮਵਾਰ ਨੂੰ ਲਾਗਤ ਮਹਿੰਗਾਈ ਸੂਚਕ ਦੇ ਆਧਾਰ ’ਤੇ 1 ਅਪਰੈਲ, 2023 ਤੋਂ ਸੰਸਦ ਮੈਂਬਰਾਂ ਦੀਆਂ ਤਨਖ਼ਾਹਾਂ ਵਿੱਚ 24 ਪ੍ਰਤੀਸ਼ਤ ਵਾਧਾ ਨੋਟੀਫਾਈ ਕੀਤਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਮੌਜੂਦਾ ਮੈਂਬਰਾਂ ਲਈ ਰੋਜ਼ਾਨਾ ਭੱਤੇ ਅਤੇ ਸਾਬਕਾ ਮੈਂਬਰਾਂ ਲਈ ਪੰਜ ਸਾਲਾਂ ਤੋਂ ਵੱਧ ਸੇਵਾ ਦੇ ਹਰ ਸਾਲ ਲਈ ਮਿਲਣ ਵਾਲੀ ਪੈਨਸ਼ਨ ਅਤੇ ਵਾਧੂ ਪੈਨਸ਼ਨ ਵਿੱਚ ਵੀ ਵਾਧਾ ਕੀਤਾ ਗਿਆ ਹੈ।
ਸੰਸਦ ਮੈਂਬਰ ਨੂੰ ਹੁਣ 1.24 ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ ਜੋ ਪਹਿਲਾਂ 1 ਲੱਖ ਰੁਪਏ ਮਾਸਕ ਮਿਲਦੀ ਸੀ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਰੋਜ਼ਾਨਾ ਭੱਤਾ ਵੀ 2,000 ਰੁਪਏ ਤੋਂ ਵਧਾ ਕੇ 2,500 ਰੁਪਏ ਕਰ ਦਿੱਤਾ ਗਿਆ ਹੈ। ਸਾਬਕਾ ਸੰਸਦ ਮੈਂਬਰਾਂ ਲਈ ਪੈਨਸ਼ਨ 25,000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 31,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।
ਪੰਜ ਸਾਲਾਂ ਤੋਂ ਵੱਧ ਸਮੇਂ ਦੀ ਸੇਵਾ ਦੇ ਹਰ ਸਾਲ ਲਈ ਵਾਧੂ ਪੈਨਸ਼ਨ 2,000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2,500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਤਨਖ਼ਾਹ ਵਿੱਚ ਵਾਧਾ 1961 ਦੇ ਆਮਦਨ ਟੈਕਸ ਐਕਟ ਵਿੱਚ ਦਰਸਾਏ ਗਏ ਲਾਗਤ ਮਹਿੰਗਾਈ ਸੂਚਕ ਅੰਕ ਦੇ ਆਧਾਰ 'ਤੇ ਸੰਸਦ ਮੈਂਬਰਾਂ ਦੀ ਤਨਖ਼ਾਹ, ਭੱਤੇ ਅਤੇ ਪੈਨਸ਼ਨ ਐਕਟ ਦੇ ਤਹਿਤ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸੂਚਿਤ ਕੀਤਾ ਗਿਆ ਹੈ। -ਪੀਟੀਆਈ