ਵਿਰਾਸਤੀ ਮੇਲਾ: ਜੈਪਾਲਗੜ੍ਹ ’ਚ ਆਇਆ ਮੇਲੀਆਂ ਦਾ ਹੜ੍ਹ
ਸ਼ਗਨ ਕਟਾਰੀਆ
ਬਠਿੰਡਾ, 22 ਮਾਰਚ
ਪੁਰਾਣੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੁਰਾਣੀ ਵਿਰਾਸਤ ਦੀ ਸਾਂਭ-ਸੰਭਾਲ ਲਈ ਕੰਮ ਕਰ ਰਹੀ ਮਾਲਵਾ ਹੈਰੀਟੇਜ ਤੇ ਸੱਭਿਆਚਾਰਕ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਜੈਪਾਲਗੜ੍ਹ ਵਿੱਚ ਵਿਰਾਸਤੀ ਮੇਲੇ ਦੇ ਦੂਜੇ ਦਿਨ ਦਰਸ਼ਕਾਂ ਦਾ ਸੈਲਾਬ ਦੇਖਣ ਨੂੰ ਮਿਲਿਆ।
ਅੱਜ ਵੱਖ-ਵੱਖ ਰਾਜਾਂ ਅਤੇ ਪੰਜਾਬ ਤੋਂ ਪੁੱਜੇ ਫ਼ਨਕਾਰਾਂ ਨੇ ਆਪਣੀ ਗਾਇਕੀ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ। ਇਸ ਤੋਂ ਇਲਾਵਾ ਕਵੀਸ਼ਰ, ਗਵੰਤਰੀ, ਨਾਰਥ ਜ਼ੋਨ ਸੱਭਿਆਚਾਰਕ ਕੇਂਦਰ ਟੀਮਾਂ ਦੀ ਪੇਸ਼ਕਾਰੀ, ਪੰਜਾਬ ਦੇ ਲੋਕ ਨਾਚ ਗਿੱਧੇ, ਭੰਗੜੇ, ਸੰਮੀ, ਲੁੱਡੀ ਤੋਂ ਇਲਾਵਾ ਨਾਟਕ ‘ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ’ ਪੇਸ਼ ਕੀਤੇ ਗਏ। ਇਸ ਮੌਕੇ ਪੰਜਾਬ ਮੀਡੀਅਮ ਇੰਡਸਟ੍ਰੀਜ਼ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੀਲ ਗਰਗ ਅਤੇ ਪੰਜਾਬ ਜੰਗਲਾਤ ਵਿਭਾਗ ਦੇ ਚੇਅਰਮੈਨ ਰਾਕੇਸ਼ ਪੁਰੀ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਨੇ ਕਿਹਾ ਕਿ ਇਹ ਵਿਰਾਸਤੀ ਮੇਲਾ ਅੱਜ ਦੀ ਨਵੀਂ ਪੀੜ੍ਹੀ ਨੂੰ ਸਾਡੇ ਵਿਰਸੇ ’ਚੋਂ ਲੋਪ ਹੋ ਰਹੇ ਪੁਰਾਣੇ ਸੱਭਿਆਚਾਰ, ਵਿਰਸੇ, ਖੇਡਾਂ, ਘੋਲ ਆਦਿ ਤੋਂ ਇਲਾਵਾ ਕਲਾ ਕ੍ਰਿਤੀਆਂ, ਪੇਸ਼ਕਾਰੀਆਂ ਆਦਿ ਬਾਰੇ ਜਾਣੂੰ ਕਰਵਾਏਗਾ। ਉਨਾਂ ਮੇਲੇ ਦੌਰਾਨ ਲੱਗੀਆਂ ਪ੍ਰਦਰਸ਼ਨੀਆਂ ਦਾ ਦੌਰਾ ਕਰਦਿਆਂ, ਉਨ੍ਹਾਂ ਦੀ ਸ਼ਲਾਘਾ ਵੀ ਕੀਤੀ।
ਮੇਲੇ ਦੌਰਾਨ ਪੇਸ਼ਕਾਰੀਆਂ ਕਰਨ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਫ਼ਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ, ਚੇਅਰਮੈਨ ਮੇਲਾ ਕਮੇਟੀ ਚਮਕੌਰ ਮਾਨ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ, ਕਨਵੀਨਰ ਰਾਮ ਪ੍ਰਕਾਸ਼ ਜਿੰਦਲ, ਪ੍ਰਧਾਨ ਗੁਰਅਵਤਾਰ ਸਿੰਘ ਗੋਗੀ, ਵਾਈਸ ਪ੍ਰਧਾਨ ਬਲਦੇਵ ਸਿੰਘ ਚਾਹਲ, ਸੁਖਦੇਵ ਗਰੇਵਾਲ ਤੇ ਹੋਰ ਪ੍ਰਮੁੱਖ ਸ਼ਖ਼ਸ਼ੀਅਤਾਂ ਮੌਜੂਦ ਸਨ।