Govt caught napping, seems under US pressure to sacrifice Indian interests: ਅਮਰੀਕਾ ਦੇ ਦਬਾਅ ਹੇਠ ਭਾਰਤੀ ਹਿੱਤਾਂ ਦੀ ਕੁਰਬਾਨੀ ਦੇ ਰਹੀ ਹੈ ਕੇਂਦਰ ਸਰਕਾਰ: ਸਚਿਨ ਪਾਇਲਟ
ਨਵੀਂ ਦਿੱਲੀ, 6 ਅਪਰੈਲ
ਅਮਰੀਕਾ ਵੱਲੋਂ ਨਵੇਂ ਟੈਕਸ ਲਾਏ ਜਾਣ ਨੂੰ ਲੈ ਕੇ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ (Congress general secretary Sachin Pilot) ਨੇ ਦੋਸ਼ ਲਾਇਆ ਕਿ ਸਰਕਾਰ ਸੁੱਤੀ ਪਈ ਹੈ ਅਤੇ ਭਾਰਤੀ ਹਿੱਤਾਂ ਦੀ ਕੁਰਬਾਨੀ ਦੇਣ ਲਈ ਅਮਰੀਕੀ ਦਬਾਅ ਹੇਠ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ( Prime Minister Narendra Modi) ਨੂੰ ਆਪਣੀ ਪਿਛਲੀ ਅਮਰੀਕਾ ਯਾਤਰਾ ਦੌਰਾਨ ਸਿਰਫ਼ ਤਸਵੀਰਾਂ ਖਿਚਵਾਉਣ ਤੇ ਤੋਹਫ਼ਿਆਂ ਦਾ ਲੈਣ-ਦੇਣ ਕਰਨ ਦੀ ਥਾਂ ਰਚਨਾਤਮਕ ਹੱਲ ਕੱਢਣਾ ਚਾਹੀਦਾ ਸੀ। ਪਾਇਲਟ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਦੁਨੀਆ ਅਮਰੀਕਾ ਵੱਲੋਂ ਲਾਏ ਗਏ ਜਵਾਬੀ ਟੈਕਸ ’ਤੇ ਪ੍ਰਤੀਕਿਰਿਆ ਜ਼ਾਹਿਰ ਕਰ ਰਹੀ ਹੈ, ਭਾਰਤ ਸਰਕਾਰ ਸਿਰਫ਼ ਸਮਾਂ ਲੰਘਾ ਰਹੀ ਹੈ ਅਤੇ ਸਭ ਕੁਝ ਕਿਸਮਤ ’ਤੇ ਛੱਡ ਰਹੀ ਹੈ।
ਸਾਬਕਾ ਕਾਰਪੋਰੇਟ ਮੰਤਰੀ (former minister for Corporate Affairs) ਨੇ ਆਖਿਆ ਕਿ ਅਮਰੀਕਾ ਨੇ ਜੋ ਕਦਮ ਚੁੱਕਿਆ, ਭਾਰਤ ਸਰਕਾਰ ਨੇ ਉਸ ਨੂੰ ਸਵੀਕਾਰ ਕਰ ਲਿਆ ਤੇ ਉਸ ’ਤੇ ਪ੍ਰਤੀਕਿਰਿਆ ਵੀ ਨਹੀਂ ਦਿੱਤੀ। ਪਾਇਲਟ ਨੇ ਕਿਹਾ, ‘ਜੇ (ਅਮਰੀਕਾ ਨਾਲ) ਸਾਡੇ ਸਬੰਧ ਓਨੇ ਮਜ਼ਬੂਤ ਹੁੰਦੇ ਜਿਨ੍ਹਾਂ ਆਗੂ ਦਾਅਵਾ ਕਰਦੇ ਹਨ ਤਾਂ ਸਾਨੂੰ ਇਨ੍ਹਾਂ ਭਾਰੀ ਟੈਕਸਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਸਪੱਸ਼ਟ ਤੌਰ ’ਤੇ ਇਸ ਦਾ ਸਾਡੀ ਦਰਾਮਦ ’ਤੇ ਗੰਭੀਰ ਅਸਰ ਪਵੇਗਾ। ਨਿਰਮਾਣ ਖੇਤਰ ਗਿਰਾਵਟ ਵੱਲ ਹੈ, ਐੱਮਐੱਸਐੱਮਈ ਨੂੰ ਝਟਕਾ ਲੱਗੇਗਾ, ਛਾਂਟੀ ਤੇ ਨੌਕਰੀਆਂ ਜਾਣ ਕਾਰਨ ਅਰਥਚਾਰੇ ਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਪਰ ਬਦਕਿਸਮਤੀ ਨਾਲ ਅਸੀਂ ਇਸ ਸਥਿਤੀ ਨਾਲ ਨਜਿੱਠਣ ਲਈ ਕੋਈ ਢੁੱਕਵੇਂ ਕਦਮ ਨਹੀਂ ਚੁੱਕੇ ਜਾਂ ਕੋਈ ਸੰਕੇਤ ਵੀ ਨਹੀਂ ਦਿੱਤੇ ਹਨ ਕਿ ਇਸ ਸੰਕਟ ’ਚੋਂ ਕਿਵੇਂ ਨਿਕਲਾਂਗੇ।’ -ਪੀਟੀਆਈ