ਅਲਵਿਦਾ, ਸੰਗੀਤ ਮਾਰਤੰਡ ਪੰਡਿਤ ਜਸਰਾਜ
ਸੁਰਾਂ ਦੇ ਸੰਸਾਰ ਵਿਚ ਨਵਾਂ ਮੁਕਾਮ ਕਾਇਮ ਕਰਨ ਵਾਲੇ ਰਸੀਲੀ ਤੇ ਭਾਵ ਭਿੰਨੀ ਆਵਾਜ਼ ਦੇ ਮਾਲਕ, ਹਿੰਦੋਸਤਾਨੀ ਸ਼ਾਸਤਰੀ ਸੰਗੀਤ ਦੇ ਨਵੇਂ ਪਸਾਰ ਸਿਰਜਣ ਵਾਲੇ ਪੰਡਿਤ ਜਸਰਾਜ ਸਰੀਰਕ ਤੌਰ ਤੇ ਇਸ ਸੰਸਾਰ ਵਿਚ ਨਹੀਂ ਰਹੇ। 28 ਜਨਵਰੀ, 1930 ਨੂੰ ਹਿਸਾਰ ਜ਼ਿਲ੍ਹੇ ਦੇ ਪਿੰਡ ਪੀਲੀ ਮੰਡੋਰੀ ਵਿਚ ਜਨਮੇ ਜਸਰਾਜ ਸ਼ਾਸਤਰੀ ਸੰਗੀਤ ਦੇ ਮੇਵਾਤੀ ਘਰਾਣੇ ਦੇ ਝੰਡਾਬਰਦਾਰ ਰਹੇ ਪਰ ਉਨ੍ਹਾਂ ਦਾ ਸੰਗੀਤ ਘਰਾਣਾ ਪਰੰਪਰਾ ਦੀਆਂ ਹੱਦਾਂ ਲੰਘ ਕੇ ਸਾਧਾਰਨ ਸ੍ਰੋਤਿਆਂ ਦੇ ਦਿਲਾਂ ਤੱਕ ਉਤਰਿਆ। ਪਿਤਾ ਮੋਤੀਰਾਮ ਤੇ ਚਾਚਾ ਜੋਤੀਰਾਮ ਜੰਮੂ ਕਸ਼ਮੀਰ ਦੇ ਰਾਜ ਘਰਾਣੇ ਦੇ ਦਰਬਾਰੀ ਸੰਗੀਤਕਾਰ ਰਹੇ। ਕੇਵਲ ਚਾਰ ਸਾਲ ਦੀ ਉਮਰ ਵਿਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਅਤੇ ਦੋਵੇਂ ਭਰਾਵਾਂ ਪੰਡਿਤ ਮਨੀਰਾਮ ਅਤੇ ਪੰਡਿਤ ਪ੍ਰਤਾਪ ਨਰਾਇਣ ਨੇ ਸੰਗੀਤ ਦੀ ਵਿਦਿਆ ਦਿੱਤੀ। ਆਰੰਭ ਵਿਚ ਤਬਲਾ ਵਾਦਨ ਕੀਤਾ, ਫਿਰ ਗਾਇਨ ਸੰਗੀਤ ਦੀ ਸਾਧਨਾ ਵਿਚ ਰਤ ਹੋ ਕੇ ਅਗਲੇਰੀ ਤਾਲੀਮ ਜੈਵੰਤ ਸਿੰਘ ਵਘੇਲਾ ਤੇ ਗ਼ੁਲਾਮ ਕਾਦਿਰ ਖ਼ਾਨ ਤੋਂ ਹਾਸਿਲ ਕੀਤੀ। ਨਾਲ ਹੀ ਹਵੇਲੀ ਸੰਗੀਤ ਜੋ ਵੈਸ਼ਣਵ ਕੀਰਤਨ ਦੀ ਇੱਕ ਸ਼ੈਲੀ ਹੈ, ਦੀ ਤਾਲੀਮ ਪੰਡਿਤ ਵੱਲਭਦਾਸ ਜੀ ਤੋਂ ਪ੍ਰਾਪਤ ਕੀਤੀ। ਹੈਦਰਾਬਾਦ, ਗੁਜਰਾਤ, ਕਲਕੱਤੇ (ਹੁਣ ਕੋਲਕਾਤਾ) ਹੁੰਦੇ ਹੋਏ 1963 ਵਿਚ ਮੁੰਬਈ ਪਹੁੰਚੇ ਤੇ ਉੱਥੇ ਆਪਣਾ ਨਿਵਾਸ ਰੱਖਿਆ।
1962 ਵਿਚ ਫ਼ਿਲਮ ਜਗਤ ਦੇ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਵੀ ਸ਼ਾਂਤਾਰਾਮ ਦੀ ਧੀ ਮਧੁਰਾ ਨਾਲ ਵਿਆਹ ਰਚਾਇਆ। ਪੁੱਤਰ ਸ਼ਾਰੰਗਦੇਵ ਸੰਗੀਤਕ ਪ੍ਰਤਿਭਾ ਦਾ ਧਨੀ ਤੇ ਪ੍ਰਸਿੱਧ ਸੰਗੀਤ ਨਿਰਦੇਸ਼ਕ ਹੈ। ਧੀ ਦੁਰਗਾ ਸੁਘੜ ਗਾਇਕਾ ਅਤੇ ਸੰਗੀਤ ਦੇ ਉੱਚ ਪੱਧਰੀ ਪ੍ਰੋਗਰਾਮਾਂ ਦੀ ਸੰਯੋਜਕ ਹੈ। ਪੰਡਿਤ ਜੀ ਦੇ ਸ਼ਗਿਰਦਾਂ ਦਾ ਪਰਿਵਾਰ ਬੜਾ ਵਿਸ਼ਾਲ ਹੈ। ਦਿਲ ਖੋਲ੍ਹ ਕੇ ਉਨ੍ਹਾਂ ਸੰਗੀਤ ਦੀ ਦਾਤ ਵੰਡੀ ਤੇ ਦੇਸ਼ ਵਿਦੇਸ਼ ਵਿਚ ਉਨ੍ਹਾਂ ਦੇ ਸ਼ਗਿਰਦ ਫੈਲੇ ਹੋਏ ਹਨ ਜਿਨ੍ਹਾਂ ਵਿਚੋਂ ਸੰਜੀਵ ਅਭਿਅੰਕਰ, ਕਲਾ ਰਾਮਨਾਥ (ਵਾਇਲਨ), ਤ੍ਰਿਪਤੀ ਮੁਖਰਜੀ, ਸ਼ਵੇਤਾ ਝਾਵੇਰੀ, ਸਪਤਰਿਸ਼ੀ ਚਕਰਵਰਤੀ, ਰਤਨ ਮੋਹਨ ਸ਼ਰਮਾ, ਸ਼ਸ਼ਾਂਕ ਸੁਬਰਾਮਣੀਅਮ (ਬਾਂਸੁਰੀ), ਅਨੁਰਾਧਾ ਪੋਡਵਾਲ, ਸਾਧਨਾ ਸਰਗਮ (ਪਿੱਠਵਰਤੀ ਗਾਇਕਾਵਾਂ) ਮੁੱਖ ਹਨ।
ਪੰਡਿਤ ਜਸਰਾਜ ਦੀ ਗਾਇਕੀ ਭਾਵਨਾ ਦਾ ਵਹਿੰਦਾ ਦਰਿਆ ਹੈ। ਤਕਨੀਕ ਦੇ ਰੇਖਾ ਗਣਿਤ ਦੀਆਂ ਜਟਿਲਤਾਵਾਂ ਤੋਂ ਪਾਰ ਅਧਿਆਤਮਕ ਅਤੇ ਰੂਹਾਨੀ ਖੰਡ-ਮੰਡਲਾਂ ਦੀ ਯਾਤਰਾ ਕਰਦੀ ਹੋਈ ਇਹ ਗਾਇਕੀ ਸ੍ਰੋਤਿਆਂ ਨੂੰ ਪਾਰਲੌਕਿਕ ਸੰਸਾਰ ਦੇ ਦਰਸ਼ਨ ਕਰਾਉਂਦੀ ਹੈ। ਪੰਡਿਤ ਜੀ ਸੁਰਾਂ ਨੂੰ ਗਾਉਂਦੇ ਨਹੀਂ ਬਲਕਿ ਪਿਆਰ ਨਾਲ ਸਹਿਲਾਉਂਦੇ ਸਨ। ਬੀਬੀਸੀ ਨੂੰ ਦਿੱਤੀ ਇੰਟਰਵਿਊ ਵਿਚ ਉਨ੍ਹਾਂ ਕਿਹਾ- “ਕਈ ਵਾਰ ਏਦਾਂ ਹੁੰਦਾ ਹੈ ਕਿ ਮੈਂ ਗਾਉਂਦੇ ਗਾਉਂਦੇ ਸੁਰਾਂ ਨੂੰ ਲੱਭਣ ਲੱਗ ਪੈਂਦਾ ਹਾਂ।” ਭਾਵਾਂ ਨਾਲ ਓਤ-ਪੋਤ ਉਨ੍ਹਾਂ ਦੀ ਖ਼ਿਆਲ ਗਾਇਕੀ ਉੱਤੇ ਕਈ ਕੱਟੜਪੰਥੀਆਂ ਨੇ ਇਤਰਾਜ਼ ਵੀ ਦਰਸਾਇਆ ਤੇ ਇਸ ਨੂੰ ਠੁਮਰੀ ਨੁਮਾ ਖ਼ਿਆਲ ਗਰਦਾਨਿਆ ਪਰ ਉਨ੍ਹਾਂ ਦੀ ਰੂਹਦਾਰੀ ਵਾਲੀ ਗਾਇਕੀ ਨੇ ਹਿੰਦੁਸਤਾਨੀ ਸੰਗੀਤ ਵਿਚ ਨਵੇਂ ਸਿਰਜਣਾਤਮਕ ਦਿਸਹੱਦਿਆਂ ਦੇ ਦਰਸ਼ਨ ਕਰਵਾਏ। ਉਨ੍ਹਾਂ ਲਈ ਸੰਗੀਤ ਅਰਾਧਨਾ ਸੀ, ਪਰਮਾਤਮਾ ਨਾਲ ਸਿੱਧਾ ਰਾਬਤਾ ਕਾਇਮ ਕਰਨ ਦਾ ਰਾਹ ਸੀ। ਹਵੇਲੀ ਸੰਗੀਤ ਅਤੇ ਅਸ਼ਟਛਾਪ ਕਵੀਆਂ ਦੇ ਪਦ ਉਹ ਬਾਖ਼ੂਬੀ ਗਾਉਂਦੇ। ਦੁਰਲਭ ਰਾਗਾਂ ਦੇ ਗਾਇਨ ਵਿਚ ਵੀ ਉਨ੍ਹਾਂ ਦੀ ਵਿਸ਼ੇਸ਼ਤਾ ਸੀ। ਇਸਤਰੀ-ਪੁਰਸ਼ ਕੰਠ ਦੀ ਜੁਗਲਬੰਦੀ ਦਾ ਨਵਾਂ ਅੰਦਾਜ਼ ‘ਜਸਰੰਗੀ’ ਵੀ ਆਪ ਨੇ ਸਿਰਜਿਆ।
ਉਨ੍ਹਾਂ ਦੇਸ਼ ਵਿਚ ਹੀ ਨਹੀਂ, ਵਿਦੇਸ਼ ਵਿਚ ਅਨੇਕ ਸਥਾਨਾਂ ਉੱਤੇ ਭਾਰਤੀ ਸ਼ਾਸਤਰੀ ਸੰਗੀਤ ਦੀਆਂ ਸਿਖਲਾਈ ਸੰਸਥਾਵਾਂ ਕਾਇਮ ਕੀਤੀਆਂ, ਜਿਵੇਂ ਐਟਲਾਂਟਾ, ਵੈਨਕੂਵਰ, ਟੋਰਾਂਟੋ, ਨਿਊ ਯਾਰਕ, ਨਿਊ ਜਰਸੀ, ਪਿਟਸਬਰਗ ਆਦਿ ਵਿਚ। ‘ਪੰਡਿਤ ਜਸਰਾਜ ਇੰਸਟੀਚਿਊਟ ਫ਼ਾਰ ਮਿਊਜ਼ਿਕ, ਰਿਸਰਚ, ਆਰਟਿਸਟ੍ਰੀ ਐਂਡ ਐਪਰੀਸੀਏਸ਼ਨ’ ਨਾਮ ਨਾਲ ਸੰਸਥਾਵਾਂ ਦਾ ਨਿਰਮਾਣ ਕੀਤਾ ਅਤੇ ਅੰਤ ਤੱਕ ਇੱਥੋਂ ਤੱਕ ਕਿ ਸਕਾਈਪ ਰਾਹੀਂ ਵੀ ਤਾਲੀਮ ਦਿੰਦੇ ਰਹੇ। ਜੁਆਨੀ ਉਮਰੇ ਹੀ ਸੰਗੀਤ ਮਾਰਤੰਡ ਦਾ ਖ਼ਿਤਾਬ ਹਾਸਿਲ ਕਰਨ ਵਾਲੇ ਪੰਡਿਤ ਜਸਰਾਜ ਦੇ ਨਾਮ ਦਾ ਆਡੀਟੋਰੀਅਮ ਨਿਊ ਯਾਰਕ ਸ਼ਹਿਰ ਵਿਚ ਹੈ। ਟੋਰਾਂਟੋ ਯੂਨੀਵਰਸਿਟੀ ਵਿਚ ਉਨ੍ਹਾਂ ਦੇ ਨਾਮ ਉੱਤੇ ਭਾਰਤੀ ਸੰਗੀਤ ਵਿਚ ਤਾਲੀਮ ਹਾਸਿਲ ਕਰਨ ਲਈ ਸਕਾਲਰਸ਼ਿਪ ਕਾਇਮ ਕੀਤਾ ਗਿਆ ਹੈ ਜੋ ਹਰ ਸਾਲ ਇੱਕ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ।
ਭਾਰਤ ਸਰਕਾਰ ਨੇ ਉਨ੍ਹਾਂ ਨੂੰ 1975 ਵਿਚ ਪਦਮਸ੍ਰੀ, 1990 ਵਿਚ ਪਦਮ ਭੂਸ਼ਣ ਤੇ 2000 ਵਿਚ ਪਦਮ ਵਿਭੂਸ਼ਣ ਸਨਮਾਨ ਦਿੱਤੇ। 1987 ਵਿਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ, 1997 ਵਿਚ ਕਾਲੀਦਾਸ ਸਨਮਾਨ ਅਤੇ 2010 ਵਿਚ ਸੰਗੀਤ ਨਾਟਕ ਅਕਾਦਮੀ ਦੀ ਫ਼ੈਲੋਸ਼ਿਪ ਹਾਸਲ ਕੀਤਾ।
ਪੰਡਿਤ ਜਸਰਾਜ ਦੀਆਂ ਵੱਡੀ ਗਿਣਤੀ ਵਿਚ ਸੀæਡੀਜ਼ ਤੇ ਰਿਕਾਰਡਿੰਗਜ਼ ਮਿਲਦੀਆਂ ਹਨ। ਕੁਝ ਕੁ ਫ਼ਿਲਮਾਂ ਵਿਚ ਤੇ ਟੀਵੀ ਉੱਤੇ ਦੇਸ਼ ਭਗਤੀ ਦੇ ਪ੍ਰੋਮੋਸ਼ਨਲ ਪ੍ਰੋਗਰਾਮਾਂ ਵਿਚ ਉਨ੍ਹਾਂ ਆਪਣੀ ਆਵਾਜ਼ ਦਿੱਤੀ ਪਰ ਉਨ੍ਹਾਂ ਦੀ ਮੁੱਖ ਪਛਾਣ ਸ਼ਾਸਤਰੀ ਗਾਇਕ ਵਜੋਂ ਹੈ। ਸ਼ਾਸਤਰੀ ਸੰਗੀਤ ਨੂੰ ਆਪਣੇ ਭਾਵਮਈ ਤੇ ਸਹਿਜ ਅੰਦਾਜ਼ ਅਤੇ ਆਪਣੀ ਮਿਕਨਾਤੀਸੀ ਸ਼ਖ਼ਸੀਅਤ ਰਾਹੀਂ ਜਨ ਸਾਧਾਰਨ ਵਿਚ ਪਹੁੰਚਾਉਂਣ ਵਾਲੇ ਪੰਡਿਤ ਜਸਰਾਜ ਦਾ ਨਾਮ ਮੰਗਲ ਅਤੇ ਬ੍ਰਹਿਸਪਤੀ ਦੇ ਮੱਧ ਵਿਚ ਸਥਿਤ ਛੋਟੇ ਜਿਹੇ ਗ੍ਰਹਿ ਦੇ ਰੂਪ ਵਿਚ ਅਸਮਾਨ ਵਿਚ ਕਾਇਮ ਹੈ। 2019 ਵਿਚ ਇੰਟਰਨੈਸ਼ਨਲ ਐਸਟ੍ਰਾਨਾਮਿਕਲ ਯੂਨੀਅਨ ਨੇ ਇਸ ਗ੍ਰਹਿ ਨੂੰ ‘ਪੰਡਿਤ ਜਸਰਾਜ’ ਨਾਮ ਦਿੱਤਾ ਗਿਆ। ਸੰਗੀਤ ਤੇ ਵਿਸਮਾਦ ਨਾਲ ਭਰਪੂਰ 90 ਸਾਲ ਦੀ ਜੀਵਨ ਯਾਤਰਾ ਕਰ ਕੇ 17 ਅਗਸਤ, 2020 ਨੂੰ ਪੰਡਿਤ ਜਸਰਾਜ ਨਿਊ ਜਰਸੀ ਵਿਖੇ ਆਪਣੀ ਰਿਹਾਇਸ਼ ਵਿਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਦੇ 75ਵੇਂ ਜਨਮ ਦਿਨ ਉੱਤੇ ਉਨ੍ਹਾਂ ਦੀ ਉਸਤਤ ਵਿਚ ਪੇਸ਼ ਕੀਤੇ ਇੱਕ ਉਸਤਤ ਗਾਇਨ ਦੀਆਂ ਪੰਕਤੀਆਂ ਜੋ ਡਾæ ਪ੍ਰੇਮ ਸਾਗਰ ਨੇ ਰਚੀਆਂ ਹਨ:
ਰਸਰਾਜ ਹੋ ਯਸ਼ਰਾਜ ਹੋ ਸੰਗੀਤ ਕੇ ਸਰਤਾਜ ਹੋ
ਆਗ਼ਾਜ਼ ਹੋ ਆਨੰਦ ਕਾ ਵਿਸਮਾਦ ਕੀ ਪਰਵਾਜ਼ ਹੋ।
*ਪ੍ਰੋਫ਼ੈਸਰ, ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98885-15059