ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀ 20 ਸੰਮੇਲਨ: ਭਾਰਤ ਨੂੰ ਦਰਪੇਸ਼ ਚੁਣੌਤੀਆਂ

11:35 AM May 31, 2023 IST

ਜੀ ਪਾਰਥਾਸਾਰਥੀ

Advertisement

ਜੰਮੂ ਕਸ਼ਮੀਰ ਵਿਚ ਕੌਮਾਂਤਰੀ ਕਾਨਫਰੰਸ ਦੀ ਮੇਜ਼ਬਾਨੀ ਮੁਤੱਲਕ ਪ੍ਰਮੁੱਖ ਆਲਮੀ ਸ਼ਕਤੀਆਂ ਦੀ ਪ੍ਰਤੀਕਿਰਿਆ ਨੂੰ ਲੈ ਕੇ ਭਾਰਤ ਅੰਦਰ ਕਈ ਸ਼ੰਕੇ ਤੇ ਕਿੰਤੂ ਪ੍ਰੰਤੂ ਸਨ। ਜ਼ਾਹਿਰਾ ਤੌਰ ‘ਤੇ ਪਾਕਿਸਤਾਨ ਨੇ ਇਸ ਤਰ੍ਹਾਂ ਦੇ ਸਮਾਗਮ ਵਿਚ ਕਿਸੇ ਵੀ ਦੇਸ਼ ਦੀ ਸ਼ਿਰਕਤ ‘ਤੇ ਇਤਰਾਜ਼ ਜਤਾਉਣਾ ਸੀ ਅਤੇ ਇਸ ਨੂੰ ਸਾਬੋਤਾਜ ਕਰਨਾ ਸੀ। ਉਂਝ, ਇਸ ਤਰ੍ਹਾਂ ਦੇ ਸ਼ੰਕਿਆਂ ਤੇ ਸਵਾਲਾਂ ਦਾ ਹਾਲ ਹੀ ਵਿਚ ਜਵਾਬ ਮਿਲਿਆ ਹੈ। ਭਾਰਤ ਨੇ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਸ੍ਰੀਨਗਰ ਵਿਚ ਜੀ 20 ਦੇ ਮੈਂਬਰ ਦੇਸ਼ਾਂ ਜੋ ਸੈਰ ਸਪਾਟੇ ਨੂੰ ਹੁਲਾਰਾ ਦੇਣ ਵਿਚ ਰੁਚੀ ਲੈਂਦੇ ਹਨ, ਦੀ ਮੀਟਿੰਗ ਬੁਲਾਈ। ਪਾਕਿਸਤਾਨ ਨੇ ਆਪਣੇ ਯੁਵਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਅਗਵਾਈ ਹੇਠ ਹੋਰ ਦੇਸ਼ਾਂ ਨੂੰ ਇਸ ਮੀਟਿੰਗ ਵਿਚ ਹਿੱਸਾ ਲੈਣ ਤੋਂ ਰੋਕਣ ਲਈ ਪੂਰੀ ਵਾਹ ਲਾਈ। ਚੀਨ ਨੇ ਆਸ ਮੁਤਾਬਕ ਮੀਟਿੰਗ ਤੋਂ ਦੂਰੀ ਰੱਖੀ ਅਤੇ ਚਾਰ ਇਸਲਾਮੀ ਮੁਲਕਾਂ ਸਾਊਦੀ ਅਰਬ, ਮਿਸਰ, ਇੰਡੋਨੇਸ਼ੀਆ ਅਤੇ ਤੁਰਕੀ ਨੇ ਵੀ ਉਸ ਦਾ ਸਾਥ ਨਿਭਾਇਆ। ਉਂਝ, ਇੰਡੋਨੇਸ਼ੀਆ ਅਤੇ ਸਾਊਦੀ ਅਰਬ ਦੇ ਨਵੀਂ ਦਿੱਲੀ ਵਿਚਲੇ ਰਾਜਦੂਤਾਂ ਨੇ ਸ੍ਰੀਨਗਰ ਮੀਟਿੰਗ ਵਿਚ ਸ਼ਿਰਕਤ ਕੀਤੀ। ਤੁਰਕੀ ਪਿਛਲੇ ਕੁਝ ਦਹਾਕਿਆਂ ਤੋਂ ਪਾਕਿਸਤਾਨ ਦਾ ਪੱਕਾ ਹਮਾਇਤੀ ਬਣਿਆ ਹੋਇਆ ਹੈ ਅਤੇ ਇਸ ਦਾ ਭਾਰਤ ਪ੍ਰਤੀ ਰੁਖ਼ ਬਹੁਤਾ ਦੋਸਤਾਨਾ ਨਹੀਂ ਰਿਹਾ।

ਇਸ ਤੋਂ ਕਰੀਬ ਹਫ਼ਤਾ ਕੁ ਪਹਿਲਾਂ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਅਮਰੀਕਾ ਦੇ ਐਨਐਸਏ ਜੇਕ ਸਲੀਵਾਨ ਨੇ ਸਾਊਦੀ ਅਰਬ ਵਿਚ ਉਥੋਂ ਦੇ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਅਤੇ ਯੂਏਈ ਦੇ ਐਨਐਸਏ ਸ਼ੇਖ ਤਹਿਨੂਨ ਬਿਨ ਜ਼ਾਯਦ ਅਲ-ਨਾਹਿਯਾਨ ਨਾਲ ਮੁਲਾਕਾਤ ਕੀਤੀ ਸੀ। ਰਾਸ਼ਟਰਪਤੀ ਜੋਅ ਬਾਇਡਨ ਦੇ ਕੁਝ ਸਖ਼ਤ ਬਿਆਨਾਂ ਕਰ ਕੇ ਅਮਰੀਕਾ ਤੇ ਸਾਊਦੀ ਅਰਬ ਦੇ ਸਬੰਧ ਅਸੁਖਾਵੇਂ ਹੋ ਗਏ ਸਨ ਅਤੇ ਹੁਣ ਅਮਰੀਕਾ ਤੇਲ ਸਰੋਤਾਂ ਨਾਲ ਭਰਪੂਰ ਇਸ ਮੁਲਕ ਨਾਲ ਆਪਣੇ ਦੋਸਤਾਨਾ ਸਬੰਧ ਬਹਾਲ ਕਰਨਾ ਚਾਹੁੰਦਾ ਹੈ। ਉਂਝ, ਅਮਰੀਕਾ ਨੂੰ ਉਦੋਂ ਤ੍ਰੇਲੀਆਂ ਆ ਗਈਆਂ ਜਦੋਂ ਚੀਨ ਨੇ ਸਾਲਸੀ ਕਰ ਕੇ ਸਾਊਦੀ ਅਰਬ ਅਤੇ ਇਰਾਨ ਵਿਚਕਾਰ ਸੁਲ੍ਹਾ ਕਰਵਾ ਦਿੱਤੀ। ਅਮਰੀਕਾ ਨੇ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਇਰਾਨ ਨਾਲ ਵੈਰ ਵਿੱਢਿਆ ਹੋਇਆ ਹੈ ਅਤੇ ਜਿ਼ਆਦਾ ਹੈਰਾਨੀ ਦੀ ਗੱਲ ਇਹ ਹੈ ਕਿ ਅਮਰੀਕਾ ਦੇ ਰੁਖ਼ ਵਿਚ ਹਾਲੇ ਤੱਕ ਕੋਈ ਢਿੱਲ ਨਹੀਂ ਆਈ। ਤੇਲ ਸਰੋਤਾਂ ਨਾਲ ਭਰਪੂਰ ਫ਼ਾਰਸ ਦੀ ਖਾੜੀ ਜਿੱਥੇ ਕਰੋੜਾਂ ਭਾਰਤੀ ਰਹਿ ਰਹੇ ਹਨ, ਵਿਚ ਚੀਨ ਦਾ ਵਧ ਰਿਹਾ ਦਖ਼ਲ ਭਾਰਤ ਨੂੰ ਰਾਸ ਨਹੀਂ ਆ ਸਕਦਾ। ਭਾਰਤ ਦੇ ਪੱਛਮੀ ਗੁਆਂਢ ਵਿਚ ਯੂਏਈ ਅਤੇ ਸਾਊਦੀ ਅਰਬ ਨਾਲ ਰਲ਼ ਕੇ ਅਮਰੀਕਾ ਤੇ ਭਾਰਤ ਵਿਚਕਾਰ ਆਦਾਨ ਪ੍ਰਦਾਨ ਨਾਲ ਇਸ ਖਿੱਤੇ ਵਿਚ ਸੁਰੱਖਿਆ, ਸਥਿਰਤਾ ਅਤੇ ਸਹਿਯੋਗ ਨੂੰ ਬਲ ਮਿਲੇਗਾ। ਅਮਰੀਕਾ ਅਤੇ ਭਾਰਤ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਇਨ੍ਹਾਂ ਦੋ ਅਰਬ ਮੁਲਕਾਂ ਨਾਲ ਪੈਦਾ ਕੀਤੀ ਗਈ ਸੂਝ ਬੂਝ ਨੂੰ ਹੁਣ ਸਾਵਧਾਨੀ ਨਾਲ ਅਮਰੀਕਾ, ਯੂਏਈ, ਭਾਰਤ ਅਤੇ ਇਜ਼ਰਾਈਲ ਦੇ ਗਰੁੱਪ ਯੂ2ਆਈ2 ਦੇ ਕੰਮ ਕਾਜ ਨਾਲ ਜੋਡਿ਼ਆ ਜਾਣਾ ਚਾਹੀਦਾ ਹੈ। ਸੁਭਾਵਿਕ ਤੌਰ ‘ਤੇ ਇਸ ਖਿੱਤੇ ਅੰਦਰ ਜਿੱਥੇ ਅੰਦਾਜ਼ਨ 81 ਲੱਖ ਭਾਰਤੀ ਵਸਦੇ ਹਨ ਜਿਨ੍ਹਾਂ ‘ਚੋਂ 34 ਲੱਖ ਇਕੱਲੇ ਯੂਏਈ ਵਿਚ ਰਹਿੰਦੇ ਹਨ, ਅੰਦਰ ਸਥਿਰਤਾ ਅਤੇ ਅਮਨ ਨੂੰ ਭਾਰਤ ਵਲੋਂ ਖਾਸੀ ਅਹਿਮੀਅਤ ਦਿੱਤੀ ਜਾਵੇਗੀ।

Advertisement

ਇਸੇ ਦੌਰਾਨ, ਚੀਨ ਦੀ ਸ਼ੀ ਜਿਨਪਿੰਗ ਸਰਕਾਰ ਵਲੋਂ ਭਾਰਤ ਨਾਲ ਦੁਸ਼ਮਣਾਨਾ ਵਤੀਰਾ ਜਾਰੀ ਰਹਿਣ ਨਾਲ ਭਾਰਤ ਲਈ ਆਪਣੀਆਂ ਜ਼ਮੀਨੀ ਤੇ ਸਮੁੰਦਰੀ ਹੱਦਾਂ ‘ਤੇ ਲਗਾਤਾਰ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨੀ ਕਾਰਵਾਈਆਂ ਨਾਲ ਭਾਰਤ ਲਈ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਖੁਲਾਸਾ ਥਲ ਸੈਨਾ ਦੀ ਪੱਛਮੀ ਕਮਾਂਡ ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਐਚਐਸ ਪਨਾਗ ਨੇ ਬਾਖੂਬੀ ਖੁਲਾਸਾ ਕੀਤਾ ਸੀ। ਜਨਰਲ ਪਨਾਗ ਨੇ ਸੰਨ 2020 ਵਿਚ ਲੱਦਾਖ ਵਿਚ ਸ਼ੁਰੂ ਹੋਏ ਤਣਾਅ ਤੇ ਟਕਰਾਅ ਵੱਲ ਧਿਆਨ ਖਿੱਚਿਆ ਸੀ ਜਦੋਂ ਚੀਨ ਨੇ 1959 ਵਿਚ ਖਿੱਚੀ ਗਈ ਅਸਲ ਕੰਟਰੋਲ ਰੇਖਾ ਨੂੰ ਇਕਤਰਫ਼ਾ ਢੰਗ ਨਾਲ ਤਬਦੀਲ ਕਰਨ ਦਾ ਤਹੱਈਆ ਕੀਤਾ ਸੀ ਹਾਲਾਂਕਿ ਭਾਰਤ ਦੇ ਜ਼ੋਰਦਾਰ ਜਵਾਬ ਕਰ ਕੇ ਚੀਨ ਆਪਣੇ ਇਸ ਉਦਮ ਵਿਚ ਬਹੁਤਾ ਕਾਮਯਾਬ ਨਹੀਂ ਹੋ ਸਕਿਆ। ਪਿਛਲੇ ਤਿੰਨ ਸਾਲਾਂ ਤੋਂ ਚੀਨ ਨਾਲ ਸਰਹੱਦੀ ਤਣਾਅ ਵਧ ਰਿਹਾ ਹੈ। ਮਈ 2020 ਵਿਚ ਚੀਨ ਨੇ ਯੋਜਨਾਬੱਧ ਹਮਲਾ ਕਰ ਕੇ ਉੱਤਰੀ ਲੱਦਾਖ ਦੇ ਕੁਝ ਖੇਤਰਾਂ ‘ਤੇ ਕੰਟਰੋਲ ਕਰ ਲਿਆ ਸੀ। ਭਾਰਤ ਨੇ ਆਪਣੀ ਫ਼ੌਜੀ ਨਫ਼ਰੀ ਵਧਾ ਕੇ ਅਤੇ ਰਣਨੀਤਕ ਕੈਲਾਸ਼ ਰੇਂਜ ‘ਤੇ ਆਪਣਾ ਕੰਟਰੋਲ ਪੁਖ਼ਤਾ ਕਰ ਕੇ ਮੋੜਵਾਂ ਜਵਾਬ ਦਿੱਤਾ ਜਿਸ ਦੀ ਚੀਨ ਨੂੰ ਤਵੱਕੋ ਨਹੀਂ ਸੀ।

ਇਸ ਤੋਂ ਬਾਅਦ ਫ਼ੌਜ ਦੇ ਸੀਨੀਅਰ ਕਮਾਂਡਰਾਂ ਵਿਚਕਾਰ ਲਗਾਤਾਰ ਗੱਲਬਾਤ ਚੱਲ ਰਹੀ ਹੈ ਤਾਂ ਕਿ ਯਥਾਸਥਿਤੀ ਬਰਕਰਾਰ ਰੱਖੀ ਜਾ ਸਕੇ ਪਰ ਅਹਿਮ ਗੱਲ ਇਹ ਹੈ ਕਿ ਇਲਾਕਿਆਂ ‘ਤੇ ਕਬਜ਼ਾ ਜਮਾਉਣ ਦੀਆਂ ਚੀਨੀ ਕੋਸ਼ਿਸ਼ਾਂ ਬੰਦ ਨਹੀਂ ਹੋਈਆਂ। ਭਾਰਤ ਨੇ ਇਸ ਸਾਲ ਦੇ ਸ਼ੁਰੂ ਵਿਚ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਖੇਤਰ ਵਿਚ ਚੀਨ ਦੀਆਂ ਕੋਸ਼ਿਸ਼ਾਂ ਦਾ ਭਰਵਾਂ ਜਵਾਬ ਦਿੱਤਾ ਸੀ। ਉਂਝ, ਚੀਨ ਨਾਲ ਲਗਦੀਆਂ ਭਾਰਤ ਦੀਆਂ ਸਰਹੱਦਾਂ ‘ਤੇ ਤਣਾਅ ਘਟਣ ਦੇ ਆਸਾਰ ਨਹੀਂ ਹਨ। ਚੀਨ ਦਾ ਉਦੇਸ਼ ਸਾਫ਼ ਹੈ ਕਿ ਭਾਰਤ ਨੂੰ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਵਿਚ ਔਝੜ ਅਤੇ ਠੰਢੇ ਖੇਤਰਾਂ ਵਿਚ ਆਪਣੀ ਫ਼ੌਜ ਲਗਾਤਾਰ ਤਾਇਨਾਤ ਰੱਖਣੀ ਪਏ।

ਹਾਲਾਤ ਉਦੋਂ ਹੀ ਬਦਲ ਸਕਦੇ ਹਨ ਜਦੋਂ ਚੀਨ ਨੂੰ ਇਹ ਅਹਿਸਾਸ ਹੋਵੇਗਾ ਕਿ ਇੰਝ ਭਾਰਤ ਦੇ ਛੋਟੇ ਛੋਟੇ ਖੇਤਰਾਂ ‘ਤੇ ਕਬਜ਼ਾ ਜਮਾਉਣ ਦੇ ਬਾਵਜੂਦ ਭਾਰਤ ਦੇ ਅਮਰੀਕਾ, ਰੂਸ ਅਤੇ ਜਪਾਨ ਨਾਲ ਸਬੰਧ ਮਜ਼ਬੂਤ ਹੁੰਦੇ ਰਹਿਣਗੇ। ਨਾ ਹੀ ਇਸ ਨਾਲ ਕੁਆਡ ਅਤੇ ਯੂ2ਆਈ2 ਜਿਹੇ ਗਰੁੱਪਾਂ ਨਾਲ ਆਰਥਿਕ ਤੇ ਰੱਖਿਆ ਸਬੰਧ ਮਜ਼ਬੂਤ ਕਰਨ ਦੇ ਭਾਰਤ ਦੇ ਇਰਾਦੇ ‘ਤੇ ਕੋਈ ਫ਼ਰਕ ਪਵੇਗਾ ਸਗੋਂ ਭਾਰਤ ਰੂਸ ਤੇ ਚੀਨ ਦੀ ਮੈਂਬਰੀ ਵਾਲੇ ਸ਼ੰਘਾਈ ਸਹਿਯੋਗ ਸੰਘ ਅਤੇ ਬਰਿਕਸ ਜਿਹੇ ਗਰੁੱਪਾਂ ਵਿਚ ਸ਼ਿਰਕਤ ਕਰਦੇ ਹੋਏ ਆਪਣਾ ਸਹਿਯੋਗ ਵਧਾ ਰਿਹਾ ਹੈ।

ਚੀਨ ਨੇਪਾਲ ਦੇ ਸਿਆਸੀ ਕੁਲੀਨ ਤੰਤਰ ਦੇ ਜਿ਼ਆਦਾਤਰ ਹਿੱਸਿਆਂ ਨੂੰ ਆਪਣੇ ਨਾਲ ਜੋੜ ਕੇ ਨੇਪਾਲ ਵਿਚ ਭਾਰਤ ਦੇ ਅਸਰ ਰਸੂਖ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟਿਆ ਹੋਇਆ ਹੈ। ਉਂਝ, ਇਹ ਕਹਿਣਾ ਸੌਖਾ ਹੈ ਪਰ ਨੇਪਾਲ ਅਤੇ ਇਸ ਦੇ ਲੋਕਾਂ ਦੀ ਭਾਰਤ ‘ਤੇ ਨਿਰਭਰਤਾ ਦੇ ਮੱਦੇਨਜ਼ਰ ਕਰਨਾ ਓਨਾ ਹੀ ਔਖਾ ਹੈ। ਭੂਟਾਨ ਅਤੇ ਭਾਰਤ ਦੇਰਪਾ ਸੰਧੀ ਦੀਆਂ ਵਿਵਸਥਾਵਾਂ ਨਾਲ ਬੱਝੇ ਹਨ ਜਦਕਿ ਚੀਨ ਹੁਣ ਭੂਟਾਨ ਨਾਲ ਇਕ ਸਰਹੱਦੀ ਸੰਧੀ ‘ਤੇ ਗੱਲਬਾਤ ਕਰ ਕੇ ਅੰਦਰ ਵੀ ਆਪਣੇ ਪੈਰ ਪਸਾਰ ਰਿਹਾ ਹੈ। ਭਾਰਤ ਨਾਲ ਆਪਣੇ ਹੰਢਣਸਾਰ ਆਰਥਿਕ, ਸਭਿਆਚਾਰਕ ਅਤੇ ਅਧਿਆਤਮਕ ਸਬੰਧਾਂ ਕਰ ਕੇ ਭੂਟਾਨ ਚੀਨ ਨਾਲ ਗੱਲਬਾਤ ਕਰਦੇ ਹੋਏ ਭਾਰਤ ਦੇ ਸਰੋਕਾਰਾਂ ਪ੍ਰਤੀ ਸੰਵੇਦਨਸ਼ੀਲ ਰਿਹਾ ਹੈ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਚੀਨ ਪਾਕਿਸਤਾਨ ਨੂੰ ਭਾਰੀ ਮਾਤਰਾ ਵਿਚ ਰਵਾਇਤੀ ਹਥਿਆਰ ਅਤੇ ਪਾਕਿਸਤਾਨ ਦੇ ਪਰਮਾਣੂ ਹਥਿਆਰ ਤੇ ਮਿਜ਼ਾਈਲ ਪ੍ਰੋਗਰਾਮ ਲਈ ਇਮਦਾਦ ਦਿੰਦਾ ਆ ਰਿਹਾ ਹੈ। ਚੀਨ ਭਾਰਤ ਦੀ ਰਣਨੀਤਕ ਘੇਰਾਬੰਦੀ ਦੇ ਦੀਰਘਕਾਲੀ ਪ੍ਰੋਗਰਾਮ ‘ਤੇ ਨਿਰੰਤਰ ਪਹਿਰਾ ਦਿੰਦਾ ਆ ਰਿਹਾ ਹੈ। ਇਹ ਹਕੀਕਤ ਹੈ ਜਿਸ ਨੂੰ ਪ੍ਰਵਾਨ ਕਰ ਕੇ ਭਾਰਤ ਨੂੰ ਲੰਮੇ ਚਿਰ ਦੀ ਤਿਆਰੀ ਕਰਨ ਦੀ ਲੋੜ ਹੈ।

ਚੀਨ ਵਲੋਂ ਦਰਪੇਸ਼ ਚੁਣੌਤੀਆਂ ਦੀ ਇਸ ਹਕੀਕਤ ਪ੍ਰਤੀ ਭਾਰਤ ਦੀ ਦੀਰਘਕਾਲੀ ਪ੍ਰਤੀਕਿਰਿਆ ਵਿਚ ਹੌਲੀ ਹੌਲੀ ਤੇਜ਼ੀ ਆ ਰਹੀ ਹੈ। ਇਸ ਤਹਿਤ ਪੱਛਮੀ ਦੇਸ਼ਾਂ ਦੇ ਇਤਰਾਜ਼ਾਂ ਦੇ ਬਾਵਜੂਦ ਰੂਸ ਨਾਲ ਚੰਗੇ ਦੋਸਤਾਨਾ ਸਬੰਧ ਕਾਇਮ ਰੱਖੇ ਜਾ ਰਹੇ ਹਨ ਅਤੇ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਵਿਚ ਮਜ਼ਬੂਤੀ ਆਈ ਹੈ। ਭਾਰਤ ਹਾਲਾਂਕਿ ਇਹ ਮੰਨਦਾ ਹੈ ਕਿ ਰੂਸ ਯੂਕਰੇਨ ਦੇ ਇਲਾਕਿਆਂ ‘ਤੇ ਅਣਮਿੱਥੇ ਸਮੇਂ ਲਈ ਆਪਣਾ ਕਬਜ਼ਾ ਕਾਇਮ ਨਹੀਂ ਰੱਖ ਸਕੇਗਾ ਪਰ ਇਸ ਦੇ ਨਾਲ ਹੀ ਇਹ ਗੱਲ ਵੀ ਮੰਨੀ ਜਾਣੀ ਚਾਹੀਦੀ ਹੈ ਕਿ ਯੂਕਰੇਨ ਦੇ ਯੁਵਾ ਤੇ ਉਤਸ਼ਾਹੀ ਰਾਸ਼ਟਰਪਤੀ ਜ਼ੇਲੈਂਸਕੀ ਨੇ ਅਮਰੀਕਾ ਨਾਲ ਬਗਲਗੀਰ ਹੋ ਕੇ ਕ੍ਰਾਇਮੀਆ ‘ਤੇ ਆਪਣਾ ਕਬਜ਼ਾ ਬਹਾਲ ਕਰਨ ਲਈ ਕਾਫ਼ੀ ਬੇਸਬਰੀ ਤੋਂ ਕੰਮ ਲਿਆ ਸੀ। ਇਸ ਦੌਰਾਨ, ਚੀਨ ਵਲੋਂ ਯੂਕਰੇਨ ਸੰਕਟ ਹੱਲ ਕਰਨ ਲਈ ਸਾਲਸੀ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਇਸ ਨੂੰ ਅਹਿਸਾਸ ਹੋ ਜਾਵੇਗਾ ਕਿ ਕ੍ਰਾਇਮੀਆ ਅਤੇ ਦੱਖਣੀ ਯੂਕਰੇਨ ਵਿਚ ਰੂਸ ਦੇ ਹਿੱਤਾਂ ਅਤੇ ਇਸ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਏ ਬਗ਼ੈਰ ਹੱਲ ਲੱਭਣਾ ਬਹੁਤ ਮੁਸ਼ਕਿਲ ਹੋਵੇਗਾ। ਰੂਸ ਅਤੇ ਯੂਕਰੇਨ ਦੇ ਸਬੰਧਾਂ ਵਿਚ ਆਈ ਕੁੜੱਤਣ ਦੇ ਮੱਦੇਨਜ਼ਰ ਅਮਰੀਕਾ ਵਲੋਂ ਰੂਸ ਦਾ ਵਢਾਂਗਾ ਕਰਨ ਦੀ ਉਸ ਦੀ ਖਾਹਸ਼ ਨੂੰ ਨੇੜ ਭਵਿੱਖ ਵਿਚ ਬੂਰ ਪੈਣ ਦੇ ਆਸਾਰ ਨਹੀਂ ਹਨ। ਇਸ ਦੌਰਾਨ, ਭਾਰਤ ਨੂੰ ਇਹ ਯਕੀਨੀ ਬਣਾਉਣ ਦਾ ਮੁਸ਼ਕਿਲ ਕਾਰਜ ਦਰਪੇਸ਼ ਹੈ ਕਿ ਇਕ ਪਾਸੇ ਰੂਸ ਤੇ ਚੀਨ ਅਤੇ ਦੂਜੇ ਪਾਸੇ ਖੜ੍ਹੇ ਅਮਰੀਕਾ ਤੇ ਇਸ ਦੇ ਯੂਰੋਪੀਅਨ ਭਿਆਲਾਂ ਵਿਚਕਾਰ ਚੱਲ ਰਹੀ ਦੁਸ਼ਮਣੀ ਕਰ ਕੇ ਕਿਤੇ ਇਸ ਸਾਲ ਦੇ ਅੰਤ ਵਿਚ ਹੋਣ ਵਾਲੇ ਜੀ 20 ਸਿਖਰ ਸੰਮੇਲਨ ਦੀ ਸਫਲਤਾ ‘ਤੇ ਕੋਈ ਬੁਰਾ ਪ੍ਰਭਾਵ ਨਾ ਪਵੇ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।

Advertisement