ਪਾਕਿਸਤਾਨ ਵੱਲੋਂ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀ ਮਿਜ਼ਾਈਲ ‘ਫ਼ਤਹਿ’ ਦਾ ਪਰੀਖਣ
ਇਸਲਾਮਾਬਾਦ, 5 ਮਈ
ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਵਧੇ ਤਣਾਅ ਵਿਚਾਲੇ ਪਾਕਿਸਤਾਨ ਨੇ ਅੱਜ 120 ਕਿਲੋਮੀਟਰ ਦੀ ਰੇਂਜ ਵਾਲੀ ‘ਫ਼ਤਹਿ ਸੀਰੀਜ਼’ ਦੀ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀ ਮਿਜ਼ਾਈਲ ਦਾ ਸਫ਼ਲ ਸਿਖਲਾਈ ਪਰੀਖਣ ਕੀਤਾ। ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਨੇ ਇਕ ਬਿਆਨ ਵਿੱਚ ਕਿਹਾ ਕਿ ਚੱਲ ਰਹੇ ਅਭਿਆਸ ‘ਇੰਡਸ’ ਦੇ ਇਕ ਹਿੱਸੇ ਵਜੋਂ ‘ਫ਼ਤਹਿ ਸੀਰੀਜ਼’ ਦਾ ਪਰੀਖਣ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ, ‘‘ਇਸ ਪਰੀਖਣ ਦਾ ਉਦੇਸ਼ ਫੌਜੀਆਂ ਦੀਆਂ ਜੰਗੀ ਤਿਆਰੀਆਂ ਯਕੀਨੀ ਬਣਾਉਣਾ ਅਤੇ ਮਿਜ਼ਾਈਲ ਦੀ ਉੱਨਤ ਨੇਵੀਗੇਸ਼ਨ ਪ੍ਰਣਾਲੀ ਅਤੇ ਵਧੀ ਹੋਈ ਸਟੀਕਤਾ ਸਣੇ ਪ੍ਰਮੁੱਖ ਤਕਨੀਕੀ ਮਾਪਦੰਡਾਂ ਨੂੰ ਪ੍ਰਮਾਣਿਤ ਕਰਨਾ ਸੀ।’’ ਸੋਮਵਾਰ ਦੀ ਪਰੀਖਣ ਮੁਹਿੰਮ ਵਿੱਚ ਪਾਕਿਸਤਾਨੀ ਫੌਜ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਪਾਕਿਸਤਾਨ ਦੀਆਂ ਰਣਨੀਤਕ ਸੰਸਥਾਵਾਂ ਦੇ ਅਧਿਕਾਰੀ, ਵਿਗਿਆਨੀ ਅਤੇ ਇੰਜਨੀਅਰ ਵੀ ਮੌਜੂਦ ਸਨ। ਜੁਆਇੰਟ ਚੀਫ਼ਸ ਆਫ਼ ਸਟਾਫ ਕਮੇਟੀ ਦੇ ਪ੍ਰਧਾਨ ਅਤੇ ਫੌਜ ਮੁਖੀ ਨੇ ਇਸ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਫੌਜੀਆਂ, ਵਿਗਿਆਨੀਆਂ ਤੇ ਇੰਜਨੀਅਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੇਸ਼ ਦੀ ਖੇਤਰੀ ਅਖੰਡਤਾ ਖ਼ਿਲਾਫ਼ ਕਿਸੇ ਵੀ ਹਮਲੇ ਨੂੰ ਅਸਫ਼ਲ ਬਣਾਉਣ ਲਈ ਪਾਕਿਸਤਾਨੀ ਫੌਜ ਦੀਆਂ ਜੰਗੀ ਤਿਆਰੀਆਂ ਅਤੇ ਤਕਨੀਕੀ ਮੁਹਾਰਤ ’ਤੇ ਪੂਰਾ ਭਰੋਸਾ ਪ੍ਰਗਟਾਇਆ। -ਪੀਟੀਆਈ