ਜੰਗਲਾਤ ਕਾਮਿਆਂ ਦਾ ਮੋਤੀ ਮਹਿਲ ਵੱਲ ਮਾਰਚ
ਗੁਰਨਾਮ ਸਿੰਘ ਅਕੀਦਾ
ਪਟਿਆਲਾ 18 ਅਗਸਤ
ਪਟਿਆਲਾ ਪ੍ਰਸ਼ਾਸਨ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਜੰਗਲਾਤ ਕਾਮਿਆਂ ਨੇ ਮੋਤੀ ਮਹਿਲ ਵੱਲ ਰੋਸ ਮਾਰਚ ਕਰਨਾ ਸ਼ੁਰੂ ਕੀਤਾ, ਰੋਕਦੀ ਹੋਈ ਪੁਲੀਸ ਦੀ ਪ੍ਰਵਾਹ ਨਾ ਕਰਦੇ ਹੋਏ ਕਾਮੇ ਫੁਆਰਾ ਚੌਕ ਤੱਕ ਪੁੱਜ ਗਏ, ਪੁਲੀਸ ਨੇ ਆਪਣੇ ਲਾਏ ਨਾਕਿਆਂ ਰਾਹੀਂ ਜੰਗਲਾਤ ਕਾਮੇ ਰੋਕੇ। ਇੱਥੇ ਹੀ ਜੰਗਲਾਤ ਮੰਤਰੀ ਦੀ ਅਰਥੀ ਸਾੜੀ ਗਈ। ਇੱਥੇ ਹੀ ਪੁਲੀਸ ਨੇ ਤਹਿਸੀਲਦਾਰ ਨੂੰ ਸੱਦ ਕੇ ਇਨ੍ਹਾਂ ਕਾਮਿਆਂ ਦਾ ਮੰਗ ਪੱਤਰ ਲਿਆ।
ਜ਼ਿਕਰਯੋਗ ਹੈ ਕਿ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਮੰਡਲ ਇਕਾਈ ਵੱਲੋਂ ਦਫ਼ਤਰ ਵਣ ਮੰਡਲ ਅਫ਼ਸਰ ਪਟਿਆਲਾ ਅੱਗੇ ਸ਼ਾਂਤਮਈ ਢੰਗ ਨਾਲ ਪਿਛਲੇ 20 ਦਨਿਾਂ ਤੋਂ ਪੱਕਾ ਮੋਰਚਾ ਚੱਲ ਰਿਹਾ ਹੈ। ਅੱਜ ਉਸ ਵੇਲੇ ਜੰਗਲਾਤ ਕਾਮੇ ਰੋਹ ਵਿਚ ਆ ਗਏ ਜਦੋਂ ਪਤਾ ਲੱਗਾ ਕਿ ਵਣ ਮੰਤਰੀ ਸਾਧੂ ਸਿੰਘ ਧਰਮਸੋਤ ਇੱਕ ਪਾਰਕ ਦਾ ਉਦਘਾਟਨ ਕਰਨ ਲਈ ਆ ਰਹੇ ਹਨ। ਮੰਡਲ ਦੇ ਸਮੂਹ ਵਰਕਰਾਂ ਨੇ ਸਾਊਥ ਸਰਕਲ ਦੇ ਪ੍ਰਧਾਨ ਬਲਬੀਰ ਸਿੰਘ ਮੰਡੋਲੀ, ਜਨਰਲ ਸਕੱਤਰ ਵੀਰਪਾਲ ਸਿੰਘ ਬੰਮਣਾ, ਮੀਤ ਪ੍ਰਧਾਨ ਮੇਜਰ ਸਿੰਘ ਸਰਹਿੰਦ ਅਤੇ ਵਾਇਸ ਪ੍ਰਧਾਨ ਹਰਚਰਨ ਸਿੰਘ ਬਦੋਛੀ, ਬਲਵਿੰਦਰ ਸਿੰਘ ਮੁੰਗੋ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਡੀ.ਸੀ. ਕੰਪਲੈਕਸ ਦੇ ਨੇੜੇ ਡੀ.ਐਫ.ਓ. ਦੇ ਗੇਟ ਅੱਗੇ ਆਪ ਮੁਹਾਰੇ ਇਕੱਤਰ ਹੋਣੇ ਸ਼ੁਰੂ ਹੋ ਗਏ। ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਮੋਰਚਾ ਭਖਦਾ ਗਿਆ। ਇਸ ਮੌਕੇ ਜਗਤਾਰ ਸਿੰਘ ਨਾਭਾ, ਭਿੰਦਰ ਸਿੰਘ ਘੱਗਾ, ਜੋਗਾ ਭਾਦਸੋਂ, ਸ਼ਾਮਿਲ ਸਨ।