ਸੜਕ ਹਾਦਸਿਆਂ ’ਚ ਪਿਓ-ਧੀ ਸਣੇ ਪੰਜ ਹਲਾਕ: ਇੱਕ ਜ਼ਖ਼ਮੀ
ਖੇਤਰੀ ਪ੍ਰਤੀਨਿਧ
ਪਟਿਆਲਾ, 30 ਮਾਰਚ
ਇੱਥੇ ਪਟਿਆਲਾ ਨੇੜੇ ਵਾਪਰੇ ਤਿੰਨ ਸੜਕ ਹਾਦਸਿਆਂ ’ਚ ਪਿਓ-ਧੀ ਸਣੇ ਪੰਜ ਜਣਿਆਂ ਦੀ ਮੌਤ ਹੋ ਗਈ ਤੇ ਇੱਕ ਜ਼ਖ਼ਮੀ ਹੋ ਗਿਆ। ਇਨ੍ਹਾਂ ਵਿੱਚੋਂ ਥਾਣਾ ਸਨੌਰ ਅਧੀਨ ਪੈਂਦੇ ਰੂਪ ਰਾਏ ਹਸਪਤਾਲ ਨੇੜੇ ਵਾਪਰੇ ਇੱਕ ਭਿਆਨਕ ਹਾਦਸੇ ਦੌਰਾਨ ਹੀ ਤਿੰਨ ਜਣਿਆਂ ਦੀ ਜਾਨ ਜਾਂਦੀ ਰਹੀ।
ਪ੍ਰਾਪਤ ਜਾਣਕਾਰੀ ਅਨੁਸਾਰ ਦੋ ਵੱਖ ਵੱਖ ਸਕੂਟਰਾਂ ’ਤੇ ਸਵਾਰ ਚਾਰ ਜਣੇ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋਏ, ਜਦੋਂ ਸਨੌਰ ਤੋਂ ਪਟਿਆਲਾ ਵੱਲ ਨੂੰ ਆ ਰਿਹਾ ਇੱਟਾਂ ਦੇ ਭਰਿਆ ਇੱਕ ਟਰੱਕ ਇਨ੍ਹਾਂ ਦੋਵਾਂ ਸਕੂਟਰਾਂ ਨਾਲ ਟਕਰਾਇਆ। ਸਨੌਰ ਤੋਂ ਪਟਿਆਲਾ ਵੱਲ ਆ ਰਹੇ ਇਹ ਚਾਰੇ ਸਕੂਟਰ ਸਵਾਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ। ਮ੍ਰਿਤਕਾਂ ’ਚ ਖਾਲਸਾ ਕਲੋਨੀ ਸਨੌਰ ਦੇ ਵਸਨੀਕ ਗੁਰਚਰਨ ਸਿੰਘ (60) ਅਤੇ ਉਨ੍ਹਾਂ ਦੀ ਧੀ ਅਰਸ਼ਦੀਪ ਕੌਰ (20) ਸਣੇ ਸਨੌਰ ਦੇ ਊਧਮ ਸਿੰਘ ਨਗਰ ਦਾ ਵਸਨੀਕ ਪ੍ਰੀਤਅਕਾਲ ਸਿੰਘ (17) ਪੁੱਤਰ ਸੁਖਬੀਰ ਸਿੰਘ ਸ਼ਾਮਲ ਸਨ। ਇਸ ਦੌਰਾਨ ਪਿਓ ਧੀ ਇੱਕ ਸਕੂਟਰ ’ਤੇ ਸਨ, ਜਦਕਿ ਪ੍ਰੀਤਅਕਾਲ ਦੇ ਨਾਲ ਬੈਠਾ ਇਸੇ ਖੇਤਰ ਦਾ ਮਨਜੋਤ ਸਿੰਘ ਪੁੱਤਰ ਪਰਵਿੰਦਰ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖ਼ਲ ਕਰਵਾਇਆ ਗਿਆ। ਭਾਵੇਂ ਅਰਸ਼ਦੀਪ ਕੌਰ ਨੂੰ ਪੀਜੀਆਈ ਵੀ ਲਿਜਾਇਆ ਗਿਆ, ਪਰ ਉਹ ਬਚ ਨਾ ਸਕੀ। ਥਾਣਾ ਸਨੌਰ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦੌਰਾਨ ਦੋ ਹਾਦਸੇ ਥਾਣਾ ਸਦਰ ਪਟਿਆਲਾ ਦੇ ਖੇਤਰ ’ਚ ਵਾਪਰੇ। ਇਨ੍ਹਾਂ ਵਿੱਚੋਂ ਇੱਕ ਹਾਦਸਾ ਥਾਣੇ ਦੇ ਪਿੰਡ ਸੁਨਿਆਰਹੇੜੀ ਨੇੜੇ ਵਾਪਰਿਆ, ਜਿਸ ਦੌਰਾਨ ਕਮਲਦੀਪ ਸਿੰਘ ਵਾਸੀ ਮੰਜਾਲ ਕਲਾਂ ਦੀ ਮੌਤ ਹੋ ਗਈ। ਜਦੋਂ ਉਹ ਆਪਣੀ ਕਾਰ ’ਤੇ ਜਾ ਰਿਹਾ ਸੀ ਤਾਂ ਇਕ ਹੋਰ ਕਾਰ ਦੀ ਫੇਟ ਵੱਜਣ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਇਕ ਦਰੱਖ਼ਤ ’ਚ ਜਾ ਵੱਜੀ। ਕਮਲਦੀਪ ਸਿੰਘ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਦਰ ਪਟਿਆਲਾ ਵਿੱਚ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ
ਪਟਿਆਲਾ ਤੋਂ ਦੇਵੀਗੜ੍ਹ ਅਤੇ ਚੀਕਾ ਰੋਡ ’ਤੇ ਪੈਂਦੀਆਂ ਜੌੜੀਆਂ ਸੜਕਾਂ ‘ਤੇ ਇੱਕ ਹੋਰ ਹਾਦਸਾ ਵਾਪਰਿਆ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਵਾਹਨ ਵੱਲੋਂ ਮਾਰੀ ਗਈ ਟੱਕਰ ਨੇ ਮੋਟਰਸਾਈਕਲ ’ਤੇ ਜਾ ਰਹੇ ਕੁਲਵਿੰਦਰ ਸਿੰਘ ਦੀ ਜਾਨ ਲੈ ਲਈ। ਉਹ ਥਾਣਾ ਜ਼ੁਲਕਾਂ ਅਧੀਨ ਪੈਂਦੇ ਪਿੰਡ ਰੋਸ਼ਨਪੁਰ ਪੱਤੀ ਦਾ ਰਹਿਣ ਵਾਲਾ ਸੀ। ਇਸ ਸਬੰਧੀ ਥਾਣਾ ਸਦਰ ਪਟਿਆਲਾ ਦੀ ਪੁਲੀਸ ਵੱਲੋਂ ਮ੍ਰਿਤਕ ਦੀ ਪਤਨੀ ਰਾਜਿੰਦਰ ਕੌਰ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ।