ਤਲਵੰਡੀ ਸਾਬੋ ਨੇੜਲੇ ਪਿੰਡ ਨਥੇਹਾ ’ਚ ਈਥਨੋਲ ਪਲਾਂਟ ਲਈ ਸਟੋਰ ਕੀਤੀਆਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗੀ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 26 ਅਪਰੈਲ
ਇਥੇ ਪਿੰਡ ਨਥੇਹਾ ਨੇੜੇ ਈਥਨੋਲ ਬਾਇਓ ਪਲਾਂਟ ਲਈ ਦਸ ਏਕੜ ਦੇ ਕਰੀਬ ਰਕਬੇ ਵਿੱਚ ਸਟੋਰ ਕੀਤੀਆਂ ਪਰਾਲੀ ਦੀਆਂ ਗੱਠਾਂ ਨੂੰ ਅੱਜ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਅੱਗ ਨੇ ਦੇਖਦਿਆਂ ਹੀ ਦੇਖਦਿਆਂ ਭਿਆਨਕ ਰੂਪ ਧਾਰਨ ਕਰ ਲਿਆ। ਖ਼ਬਰ ਲਿਖੇ ਜਾਣ ਤੱਕ ਅੱਗ ਕਾਬੂ ਤੋਂ ਬਾਹਰ ਸੀ।
ਜਾਣਕਾਰੀ ਅਨੁਸਾਰ ਪਿੰਡ ਨਥੇਹਾ ਦੇ ਬੱਸ ਅੱਡੇ ਅਤੇ ਪੈਟਰੋਲ ਪੰਪ ਕੋਲ ਈਥੋਨਲ ਪਲਾਂਟ ਲਈ ਪਰਾਲੀ ਸਟੋਰ ਕਰਨ ਲਈ ਦਸ ਏਕੜ ਦੇ ਕਰੀਬ ਰਕਬੇ ਵਿੱਚ ਇੱਕ ਵੱਡਾ ਪਰਾਲੀ ਭੰਡਾਰ ਬਣਿਆ ਹੋਇਆ ਹੈ। ਦੇਰ ਸ਼ਾਮ ਅਚਾਨਕ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਗਈ ਤੇ ਅੱਗ ਨੇ ਥੋੜ੍ਹੇ ਸਮੇਂ ਵਿੱਚ ਹੀ ਭਿਆਨਕ ਰੂਪ ਧਾਰਨ ਕਰ ਲਿਆ।
ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਪਿੰਡ ਨਥੇਹਾ, ਲਹਿਰੀ, ਨੰਗਲਾ ਅਤੇ ਹੋਰ ਨੇੜਲੇ ਪਿੰਡਾਂ ਤੋਂ ਲੋਕ ਵੱਡੀ ਗਿਣਤੀ ਵਿੱਚ ਅੱਗ ਬੁਝਾਉਣ ਲਈ ਪੁੱਜ ਗਏ। ਹਾਲਾਂਕਿ ਭਿਆਨਕ ਅੱਗ ਲੋਕਾਂ ਦੇ ਵੱਸ ਤੋਂ ਬਾਹਰ ਹੈ। ਪਿੰਡ ਅਤੇ ਪੈਟਰੋਲ ਪੰਪ ਨੂੰ ਵੀ ਖ਼ਤਰਾ ਬਣਿਆ ਹੋਇਆ ਹੈ।
ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਤਲਵੰਡੀ ਸਾਬੋ ਮੁਖੀ ਪਰਬਤ ਸਿੰਘ ਵੀ ਫੋਰਸ ਲੈ ਕੇ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਕਈ ਏਕੜ ਵਿੱਚ ਪਈਆਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗੀ ਹੋਈ ਹੈ, ਜਿਸ ਨੂੰ ਬੁਝਾਉਣ ਲਈ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਤਲਵੰਡੀ ਸਾਬੋ, ਸਰਦੂਲਗੜ੍ਹ ਅਤੇ ਹੋਰ ਨੇੜਲੇ ਸ਼ਹਿਰਾਂ ਤੋਂ ਅੱਗ ਬੁਝਾਊ ਗੱਡੀਆਂ ਤੇ ਅਮਲਾ ਪਹੁੰਚਿਆ ਹੋਇਆ ਹੈ ਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਖ਼ਬਰ ਲਿਖੇ ਜਾਣ ਤੱਕ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ।