Farmer Protest: ਜ਼ਿਲ੍ਹਾ ਸਕੱਤਰੇਤ ਧਰਨਾ ਦੇਣ ਪੁੱਜੇ ਕਿਸਾਨਾਂ ਨਾਲ ਪੁਲੀਸ ਵੱਲੋਂ ਧੱਕਾ ਮੁੱਕੀ, ਪੱਗਾਂ ਲੱਥੀਆਂ
05:02 PM Mar 05, 2025 IST
ਕਿਸਾਨ ਰੋਹ ਅੱਗੇ ਝੁੱਕੀ ਪੁਲੀਸ, ਸਕੱਤਰੇਤ ਅੰਦਰ ਧਰਨਾ ਦੇਣ ’ਚ ਹੋਏ ਸਫਲ ਕਿਸਾਨ
ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਮਾਰਚ
Farmer Protest: ਇਥੇ ਅੱਜ ਉਸ ਸਮੇਂ ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਵੱਡੀ ਗਿਣਤੀ ਕਿਸਾਨ ਜ਼ਿਲ੍ਹਾ ਸਕੱਤਰੇਤ ਅੰਦਰ ਕੰਧਾਂ ਟੱਪ ਕੇ ਕੰਪਲੈਕਸ ਵਿਚ ਧਰਨਾ ਦੇਣ ਲਈ ਦਾਖ਼ਲ ਹੋ ਗਏ। ਇਸ ਮੌਕੇ ਪੁਲੀਸ ਨਾਲ ਧੱਕਾ ਮੁੱਕੀ ਵਿਚ ਕਈ ਕਿਸਾਨਾਂ ਦੀਆਂ ਪੱਖ ਲੱਥ ਗਈਆਂ। ਪੁਲੀਸ ਕਿਸਾਨਾਂ ਨੂੰ ਸਕੱਤਰੇਤ ਅੰਦਰ ਦਾਖਲ ਹੋਣ ਤੋਂ ਰੋਕ ਰਹੀ ਸੀ ਪਰ ਕਿਸਾਨ ਸਕੱਤਰੇਤ ਅੰਦਰ ਧਰਨਾ ਦੇਣ ਲਈ ਬਜ਼ਿੱਦ ਸਨ।
ਆਖਰ ਕਿਸਾਨ ਰੋਹ ਅੱਗੇ ਪੁਲੀਸ ਪ੍ਰਸ਼ਾਸਨ ਅੱਗੇ ਝੁਕ ਗਿਆ ਤੇ ਕਿਸਾਨ ਸਕੱਤਰੇਤ ਅੰਦਰ ਧਰਨਾ ਦੇਣ ’ਚ ਸਫਲ ਹੋ ਗਏ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਨੇ ਕਿਹਾ ਕਿ 14 ਫਰਵਰੀ ਨੂੰ ਕਿਸਾਨਾਂ ਦੇ ਵਫਦ ਨੇ ਡੀਸੀ ਅਤੇ ਐਸਐਸਪੀ ਨੂੰ ਮੰਗ ਪੱਤਰ ਸੌਂਪ ਕੇ ਮੰਗਾਂ ਨੂੰ ਹੱਲ ਕਰਨ ਲਈ ਕਿਹਾ ਸੀ।
Advertisement
ਸ਼ੰਭੂ ਬਾਰਡਰ ’ਤੇ ਸ਼ਹੀਦ ਹੋਏ ਕਿਸਾਨ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਤੇ ਹੋਰ ਮੰਗਾਂ 5 ਮਾਰਚ ਤੱਕ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਦੋ ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਜੇ ਫਿਰ ਵੀ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਮੋਰਚਾ 7 ਮਾਰਚ ਨੂੰ ਰੇਲਵੇ ਲਾਈਨ ’ਤੇ ਤਬਦੀਲ ਕਰ ਦਿੱਤਾ ਜਾਵੇਗਾ ਤੇ ਮੋਰਚਾ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ।
ਇਸ ਮੌਕੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਘਾਣ ਕਰ ਕੇ ਜਮਹੂਰੀਅਤ ਦਾ ਕਤਲ ਕੀਤਾ ਜਾ ਰਿਹਾਹ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕਰਕੇ ਪ੍ਰਦਰਸ਼ਨ ਕਰਨ ਲਈ ਚੰਡੀਗੜ੍ਹ ਵਿੱਚ ਥਾਂ ਦਿੱਤੀ ਜਾਵੇ ਤੇ ਉਨ੍ਹਾਂ ਦੀਆਂ 18 ਮੰਗਾਂ ਤੁਰੰਤ ਮੰਨੀਆਂ ਜਾਣ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ, ਜ਼ਿਲ੍ਹਾ ਸਕੱਤਰ ਹਰਮਿੰਦਰ ਸਿੰਘ ਡੇਮਰੂ, ਗੁਰਮੇਲ ਸਿੰਘ ਲੋਹਗੜ੍ਹ, ਅਵਤਾਰ ਸਿੰਘ ਕਾਕਾ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆਂ, ਹਰਬੰਸ ਸਿੰਘ ਸਾਹ ਵਾਲਾ, ਰਣਜੀਤ ਸਿੰਘ ਬੁੱਟਰ, ਇੰਦਰਮੋਹਣ ਸਿੰਘ ਪੱਤੋ, ਜਰਨੈਲ ਸਿੰਘ ਮੋਗਾ, ਦਰਸ਼ਨ ਸਿੰਘ ਮੋਗਾ, ਗੁਰਮੇਲ ਸਿੰਘ ਤਲਵੰਡੀ ਮੱਲੀਆਂ, ਕੁਲਵੰਤ ਸਿੰਘ ਫੋਜੀ, ਸੁਖਵਿੰਦਰ ਸਿੰਘ, ਗੁਰਭੇਜ ਸਿੰਘ, ਜਰਨੈਲ ਸਿੰਘ, ਸੂਰਤ ਸਿੰਘ ਮੋਗਾ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।
Advertisement
Advertisement