Farmer Protest - Chandigarh March: ਪੁਲੀਸ ਨੇ ਚੰਡੀਗੜ੍ਹ ਕੂਚ ਤੋਂ ਵੱਖ-ਵੱਖ ਥਾਈਂ ਰੋਕੇ ਕਿਸਾਨ, ਕਈ ਥਾਈਂ ਲੱਗੇ ਰੋਸ ਮੁਜ਼ਾਹਰੇ
ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਪੁਲੀਸ ਨੇ ਕੀਤੀ ਸਖ਼ਤ ਨਾਕੇਬੰਦੀ; ਅਨਾਜ ਮੰਡੀ ਭਵਾਨੀਗੜ੍ਹ ਤੇ ਘਰਾਚੋਂ ਵਿਖੇ ਕਿਸਾਨ ਰੋਕੇ ਗਏ ਕਿਸਾਨ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 5 ਮਾਰਚ
Farmer Protest - Chandigarh March: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਚੰਡੀਗੜ੍ਹ ਧਰਨੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ ਕਿਸਾਨਾਂ ਨੂੰ ਅਨਾਜ ਮੰਡੀ ਭਵਾਨੀਗੜ੍ਹ ਅਤੇ ਅਨਾਜ ਮੰਡੀ ਘਰਾਚੋਂ ਵਿਖੇ ਪੁਲੀਸ ਵੱਲੋਂ ਰੋਕ ਲਿਆ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜਗਿੱਲ ਦੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਅਤੇ ਪ੍ਰੈਸ ਸਕੱਤਰ ਜਗਤਾਰ ਸਿੰਘ ਤੂਰ ਸਮੇਤ ਕਿਸਾਨਾਂ ਦੇ ਕਾਫ਼ਲੇ ਨੂੰ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਰੋਕਿਆ ਹੋਇਆ ਹੈ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ ਅਤੇ ਹਰਜੀਤ ਸਿੰਘ ਮਹਿਲਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਅਨਾਜ ਮੰਡੀ ਘਰਾਚੋਂ ਵਿਖੇ ਰੋਕਿਆ ਗਿਆ ਹੈ।
ਇਸੇ ਦੌਰਾਨ ਡੀਐਸਪੀ ਭਵਾਨੀਗੜ੍ਹ ਰਾਹੁਲ ਕਾਂਸਲ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਪੁਲੀਸ ਫੋਰਸ ਵੱਲੋਂ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਬਾਲਦ ਕੈਂਚੀਆਂ ਵਿਖੇ ਬੈਰੀਗੇਡ ਲਗਾਇਆ ਗਿਆ ਹੈ, ਜਿਥੇ ਹਰ ਵਾਹਨ ਨੂੰ ਚੈੱਕ ਕਰਕੇ ਲੰਘਾਇਆ ਜਾ ਰਿਹਾ ਹੈ।
ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਨਿਜਾਮਪੁਰਾ ਨੂੰ ਪੁਲੀਸ ਨੇ ਹਿਰਾਸਤ ’ਚ ਲਿਆ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ: ਅੱਜ ਸਵੇਰੇ ਇੱਥੇ ਜੀਟੀ ਰੋਡ ਉੱਪਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਲਖਬੀਰ ਸਿੰਘ ਨਿਜਾਮਪੁਰ ਨੂੰ ਚੰਡੀਗੜ੍ਹ ਪੱਕੇ ਮੋਰਚੇ ਵਿੱਚ ਜਾਣ ਮੌਕੇ ਜੰਡਿਆਲਾ ਗੁਰੂ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਆਗੂ ਲਖਬੀਰ ਸਿੰਘ ਨਿਜਾਮਪੁਰਾ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿਖੇ ਲਾਏ ਜਾਣ ਵਾਲੇ ਪੱਕੇ ਮੋਰਚੇ ਹਿੱਸਾ ਲੈਣ ਇੱਕ ਜਥਾ ਅੱਜ ਨਵਾਂ ਪਿੰਡ ਤੋਂ ਰਵਾਨਾ ਹੋਇਆ, ਜਿਸ ਨੂੰ ਜੰਡਿਆਲਾ ਗੁਰੂ ਪੁਲੀਸ ਦੇ ਐਸਐਚਓ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਜੀਟੀ ਰੋਡ ਤੋੰ ਹਿਰਾਸਤ ਵਿੱਚ ਲੈ ਕੇ ਥਾਣਾ ਜੰਡਿਆਲਾ ਗੁਰੂ ਵਿਖੇ ਬੰਦ ਕਰ ਦਿੱਤਾ ਹੈ।
ਇਸ ਮੌਕੇ ਕਿਸਾਨ ਆਗੂਆਂ ਵੱਲੋਂ ਜਮ ਕੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਜਥੇ ਵਿੱਚ ਗੁਰਮੇਜ ਸਿੰਘ ਮੱਖਣਵਿੰਡੀ, ਤਰਸੇਮ ਸਿੰਘ ਨੰਗਲ, ਕਰਨੈਲ ਸਿੰਘ, ਜਰਨੈਲ ਸਿੰਘ ਨਵਾਂ ਪਿੰਡ, ਧਰਮਿੰਦਰ ਸਿੰਘ ਕਿਲਾ, ਰਾਜਬੀਰ ਸਿੰਘ ਫਤਿਹਪੁਰ ਸ਼ਾਮਲ ਹਨ।
ਪੁਲੀਸ ਨੇ ਆਈਟੀਆਈ ਚੌਂਕ ਲਾਲੜੂ ਤੇ ਟੌਲ ਪਲਾਜ਼ਾ ਦੱਪਰ ਵਿਖੇ ਕਿਸਾਨ ਰੋਕੇ
ਸਰਬਜੀਤ ਸਿੰਘ ਭੱਟੀ
ਲਾਲੜੂ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਚੰਡੀਗੜ੍ਹ ਧਰਨੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ ਕਿਸਾਨਾਂ ਨੂੰ ਆਈਟੀਆਈ ਚੌਂਕ ਲਾਲੜੂ ਅਤੇ ਟੌਲ ਪਲਾਜ਼ਾ ਦੱਪਰ ਵਿਖੇ ਪੁਲੀਸ ਵੱਲੋਂ ਰੋਕ ਲਿਆ ਗਿਆ ਹੈ। ਬੀਕੇਯੂ ਉਗਰਾਹਾਂ ਜਥੇਬੰਦੀ ਨਾਲ ਸਬੰਧਤ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਮਿੰਨੀ ਬੱਸਾਂ ’ਚ ਬਿਠਾ ਕੇ ਪੁਲੀਸ ਚੌਂਕੀ ਲੈਹਲੀ ਲਈ ਲਿਜਾਇਆ ਗਿਆ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਤੇ ਗੁਰਭਜਨ ਸਿੰਘ ਧਰਮਗੜ੍ਹ, ਜਸਵੰਤ ਸਿੰਘ ਕੁਰਲੀ, ਕਰਨੈਲ ਸਿੰਘ ਜੌਲਾ, ਅਮਰਜੀਤ ਸਿੰਘ ਤਸਿੰਬਲੀ, ਹਰਜਿੰਦਰ ਸਿੰਘ ਸਾਧਾਪੁਰ, ਧਰਵਿੰਦਰ ਸਿੰਘ ਜੌਲਾ, ਗੁਰਸੇਵਕ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਇਰਵਨਜੀਤ ਸਿੰਘ ਸਤਾਵਗੜ੍ਹ, ਰਾਮ ਕਰਨ, ਰਜਿੰਦਰ ਸਿੰਘ, ਅਵਤਾਰ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਆਈਟੀਆਈ ਚੌਂਕ ਲਾਲੜੂ ਤੋਂ ਐਸਐਚਓ ਲਾਲੜੂ ਆਕਾਸ਼ ਸ਼ਰਮਾ ਵੱਲੋਂ ਹਿਰਾਸਤ ਵਿੱਚ ਲੈ ਕੇ ਲੈਹਲੀ ਪੁਲੀਸ ਚੌਂਕੀ ਲਿਜਾਇਆ ਗਿਆ।
ਇਸੇ ਦੌਰਾਨ ਟੌਲ ਪਲਾਜ਼ਾ ਦੱਪਰ ਵਿਖੇ ਬੀਕੇਯੂ ਲੱਖੋਵਾਲ ਦੇ ਆਗੂਆਂ ਨੇ ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ, ਹਰਵਿੰਦਰ ਸਿੰਘ ਟੋਨੀ ਜਲਾਲਪੁਰ, ਗੁਰਪ੍ਰੀਤ ਸਿੰਘ ਜਾਸਤਨਾ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ, ਜਿੱਥੇ ਕੁਝ ਕਿਸਾਨਾਂ ਦੀ ਐਸਐਚਓ ਡੇਰਾਬਸੀ ਮਨਦੀਪ ਸਿੰਘ ਅਤੇ ਚੌਕੀ ਇੰਚਾਰਜ ਲੈਹਲੀ ਅਜੈ ਕੁਮਾਰ ਨਾਲ ਤੂੰ ਤੂੰ ਮੈਂ ਮੈਂ ਹੋ ਗਈ, ਜਿਸ ਨੂੰ ਲੈ ਕੇ ਕਾਫੀ ਦੇਰ ਤੱਕ ਮਾਹੌਲ ਗਰਮੋਂ ਗਰਮੀ ਵਾਲਾ ਰਿਹਾ। ਬਾਅਦ ਵਿੱਚ ਕਿਸਾਨਾਂ ਨੇ ਸੜਕ ਕਿਨਾਰੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਪਰ ਪੁਲੀਸ ਨੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕ ਕੇ ਰੱਖਿਆ।
ਭਾਕਿਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੂੰ ਰਾਏਕੋਟ ਪੁਲੀਸ ਨੇ ਘੇਰਿਆ
ਭੈਣੀ ਦਰੇੜਾ ਵਿੱਚ ਧਰਨਾ ਜਾਰੀ, ਪਿੰਡ ਆਂਡਲੂ ਨੇੜੇ ਮਿੱਟੀ ਦੇ ਭਰੇ ਟਿੱਪਰ ਲਾ ਕੇ ਰਸਤੇ ਬੰਦ ਕੀਤੇ
ਸੰਤੋਖ ਗਿੱਲ
ਰਾਏਕੋਟ: ਜਗਰਾਉਂ-ਪਟਿਆਲਾ ਰਾਜ ਮਾਰਗ ਉਪਰ ਰਾਏਕੋਟ ਦੇ ਨੇੜੇ ਪਿੰਡ ਭੈਣੀ ਦਰੇੜਾ ਵਿੱਚ ਭਾਕਿਯੂ ਏਕਤਾ (ਡਕੌਂਦਾ-ਧਨੇਰ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੇ ਜਥੇ ਨੂੰ ਡੀਐੱਸਪੀ ਇੰਦਰਜੀਤ ਸਿੰਘ ਬੋਪਾਰਾਏ ਦੀ ਅਗਵਾਈ ਵਾਲੀ ਲੁਧਿਆਣਾ (ਦਿਹਾਤੀ) ਪੁਲੀਸ ਨੇ ਘੇਰਾ ਪਾ ਕੇ ਰੋਕ ਲਿਆ।
ਕਈ ਥਾਣਿਆਂ ਤੋਂ ਬੁਲਾਈ ਗਈ ਭਾਰੀ ਪੁਲੀਸ ਫੋਰਸ ਨੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਗ੍ਰਿਫ਼ਤਾਰ ਕਰਨ ਲਈ ਕਾਫ਼ੀ ਧੱਕਾ-ਮੁੱਕੀ ਕੀਤੀ ਪਰ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਮਨਜੀਤ ਸਿੰਘ ਧਨੇਰ ਨੂੰ ਪੁਲੀਸ ਦੀ ਗੱਡੀ ਵਿੱਚ ਚੜ੍ਹਨ ਤੋਂ ਰੋਕਣ ਵਿੱਚ ਸਫ਼ਲਤਾ ਹਾਸਲ ਕਰ ਲਈ।
ਪੁਲੀਸ ਦੀ ਧੱਕਾ-ਮੁੱਕੀ ਵਿੱਚ ਕਿਸਾਨ ਆਗੂ ਮਨਜੀਤ ਧਨੇਰ ਦੀ ਪੱਗ ਵੀ ਲਹਿ ਗਈ। ਕਿਸਾਨਾਂ ਦੇ ਜਥੇ ਨੇ ਪਿੰਡ ਭੈਣੀ ਦਰੇੜਾ ਦੇ ਬੱਸ ਅੱਡੇ ਨੇੜੇ ਸੜਕ ਤੋਂ ਪਾਸੇ ਆਪਣਾ ਮੋਰਚਾ ਲਾ ਲਿਆ ਹੈ ਅਤੇ ਆਮ ਲੋਕਾਂ ਲਈ ਰਾਹ ਖੋਲ੍ਹ ਦਿੱਤੇ ਹਨ। ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ‘ਝੂਠ’ ਬੋਲ ਰਹੇ ਹਨ, ਆਂਡਲੂ ਲਾਗੇ ਰਾਹ ਪੁਲੀਸ ਨੇ ਰੇਤੇ ਦੇ ਭਰੇ ਟਿੱਪਰ ਲਾ ਕੇ ਰੋਕਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿਸ਼ਾ ਨਿਰਦੇਸ਼ ਦੀ ਉਡੀਕ ਕੀਤੀ ਜਾ ਰਹੀ ਹੈ, ਉਸ ਸਮੇਂ ਤੱਕ ਇੱਥੇ ਹੀ ਮੋਰਚਾ ਜਾਰੀ ਹੈ।