ਸਾਬਕਾ ਮੇਅਰ ਬਿੱਟੂ ਤੋਂ ਵਿਜੀਲੈਂਸ ਵੱਲੋਂ ਦੋ ਘੰਟੇ ਪੁੱਛ-ਪੜਤਾਲ
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜੁਲਾਈ
ਸ਼ਾਹੀ ਸ਼ਹਿਰ ਦੇ ਵਿਕਾਸ ਅਤੇ ਸੁਧਾਰ ਕਾਰਜਾਂ ’ਚ ਕਥਿਤ ਘਪਲੇਬਾਜ਼ੀ ਦੇ ਲੱਗੇ ਦੋਸ਼ਾਂ ਸਬੰਧੀ ਵਿਜੀਲੈਂਸ ਬਿੳੂਰੋ ਪਟਿਆਲਾ ਵੱਲੋਂ ਅੱਜ ੲਿੱਥੋਂ ਦੇ ਸਾਬਕਾ ਕਾਂਗਰਸੀ ਮੇਅਰ ਸੰਜੀਵ ਬਿੱਟੂ ਨੂੰ ਸੱਦ ਕੇ ਪੁੱਛ-ਪੜਤਾਲ ਕੀਤੀ ਗਈ। ਕਰੀਬ ਦੋ ਘੰਟੇ ਚੱਲੀ ਪੁੱਛ-ਪੜਤਾਲ ਦੌਰਾਨ ਕੁਝ ਵੀ ਨਾ ਨਿਕਲਣ ’ਤੇ ਵਿਜੀਲੈਂਸ ਨੇ ਸਾਬਕਾ ਮੇਅਰ ਨੂੰ ਇੱਕ ਪ੍ਰੋਫਾਰਮਾ ਸੌਂਪਦਿਆਂ, ਇਸ ਨੂੰ ਭਰ ਕੇ ਮੁੜ ਆਉਣ ਲਈ ਆਖ ਕੇ ਵਾਪਸ ਭੇਜ ਦਿੱਤਾ। ਉਂਜ ਮੁੜ ਸੱਦਣ ਸਬੰਧੀ ਅਜੇ ਕੋਈ ਤਾਰੀਖ਼ ਮੁਕੱਰਰ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਸੰਜੀਵ ਬਿੱਟੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੇ ਅਤਿ ਕਰੀਬੀ ਹਨ। ਕੈਪਟਨ ਦੇ ਗੱਦੀ ਤੋਂ ਉਤਰਨ ਮਗਰੋਂ ਚੰਨੀ ਸਰਕਾਰ ਦੌਰਾਨ ਸੰਜੀਵ ਬਿੱਟੂ ਨੂੰ ਵੀ ਮੇਅਰ ਦੇ ਅਹੁਦੇ ਤੋਂ ਮੁਅੱਤਲ ਕਰ ਦਿਤਾ ਗਿਆ ਸੀ। ਅਦਾਲਤ ਦੇ ਸਹਾਰੇ ਉਹ ਮੁੜ ਮੇਅਰ ਦੇ ਅਹੁਦੇ ’ਤੇ ਕਾਬਜ਼ ਹੋ ਗਏ ਸਨ। ‘ਆਪ’ ਸਰਕਾਰ ਸਥਾਪਤ ਹੋਣ ’ਤੇ ਕਾਂਗਰਸ ਆਗੂ ਤੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਮੁੱਖ ਮੰਤਰੀ ਨੂੰ ਸੌਂਪੀ ਸ਼ਿਕਾਇਤ ’ਚ ਸੰਜੀਵ ਬਿੱਟੂ ’ਤੇ ਵਿਕਾਸ ਕਾਰਜਾਂ ਦੇ ਪ੍ਰਾਜੈਕਟਾਂ ’ਚ ਕਥਿਤ ਘਪਲੇਬਾਜ਼ੀ ਕਰਨ ਦੇ ਦੋਸ਼ ਲਾਏ ਸਨ। ਇਸ ਤੋਂ ਪਹਿਲਾਂ ਸਾਬਕਾ ਕੌਂਸਲਰ ਕ੍ਰਿਸ਼ਨ ਚੰਦ ਬੁੱਧੂ ਵੱਲੋਂ ਵੀ ਅਜਿਹੇ ਹੀ ਦੋਸ਼ ਲਾਏ ਗਏ ਸਨ। ਬਿੱਟੂ ਨੂੰ ਸੱਦਣ ਬਾਰੇ ਵਿਜੀਲੈਂਸ ਦੇ ਉੱਚ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ। ਉਧਰ, ਸੰਜੀਵ ਬਿੱਟੂ ਦਾ ਕਹਿਣਾ ਹੈ ਕਿ ਅਜਿਹੇ ਕਿਸੇ ਮਸਲੇ ਲਈ ਉਸ ਨੂੰ ਕਿਸੇ ਨੇ ਨਹੀਂ ਸੱਦਿਆ।