ਮੁਲਾਜ਼ਮਾਂ ਵੱਲੋਂ ਪੰਜਾਬ ਭਰ ’ਚ ਰੋਸ ਮੁਜ਼ਾਹਰੇ
ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਅਗਸਤ
ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਦੇ ਕਲੈਰੀਕਲ ਸਟਾਫ਼ ਵੱਲੋਂ ਦੋ ਹਫਤੇ ਪਹਿਲਾਂ ਸ਼ੁਰੂ ਕੀਤੀ ਗਈ ਸੂਬਾਈ ਹੜਤਾਲ਼ ਅੱਜ ਵੀ ਜਾਰੀ ਰਹੀ। ਇਨ੍ਹਾਂ ਹੜਤਾਲ਼ੀ ਮੁਲਾਜ਼ਮਾਂ ਨੇ ਅੱਜ ਪੰਜਾਬ ਭਰ ਵਿੱਚ ਰੋਸ ਰੈਲੀਆਂ ਕਰਦਿਆਂ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ। ਇਨ੍ਹਾਂ ਰੈਲੀਆਂ ਦੌਰਾਨ ਹੋਰਨਾਂ ਵਰਗਾਂ ਦੇ ਮੁਲਾਜ਼ਮਾਂ ਨੇ ਵੀ ਸ਼ਿਰਕਤ ਕੀਤੀ। ਸਰਕਾਰ ਖ਼ਿਲਾਫ਼ ਇਸ ਲੜਾਈ ਨੂੰ ਹੋਰ ਤਿੱਖੇ ਦੌਰ ’ਚ ਸ਼ਾਮਲ ਕਰਦਿਆਂ, ਅਗਲੇ ਤਿੰਨ ਦਿਨ ਪੰਜਾਬ ਭਰ ਦੇ ਸਮੂਹ ਵਿਭਾਗਾਂ ਦੇ ਸੱਤਰ ਹਜ਼ਾਰ ਕਲੈਰੀਕਲ ਕਾਮੇ ਸਮੂਹਿਕ ਛੁੱਟੀ ਲੈ ਕੇ ਰੋਸ ਮੁਜ਼ਾਹਰੇ ਕਰਨਗੇ। ਉਸ ਤੋਂ ਅਗਲੀ ਰਣਨੀਤੀ 22 ਅਗਸਤ ਨੂੰ ਤਹਿ ਕੀਤੀ ਜਾਵੇਗੀ।
ਸੂਬਾ ਸਰਕਾਰ ਵੱਲੋਂ ਨਵੀਂ ਭਰਤੀ ’ਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ, ਹਜ਼ਾਰਾਂ ਅਸਾਮੀਆਂ ਖ਼ਤਮ ਕਰਨ, ਫੋਨ ਭੱਤੇ ’ਚ ਕਟੌਤੀ ਅਤੇ ਕੁਝ ਹੋਰ ਤਾਜ਼ਾ ਫੈਸਲਿਆਂ ਖ਼ਿਲਾਫ਼ ਅਤੇ ਅਨੇਕਾਂ ਹੋਰ ਸਾਂਝੀਆਂ ਮੰਗਾਂ ਦੀ ਪੂਰਤੀ ਲਈ ਹਜ਼ਾਰਾਂ ਕਲੈਰੀਕਲ ਕਾਮਿਆਂ ਦੀ ਇਹ ਹੜਤਾਲ 6 ਅਗਸਤ ਤੋਂ ਜਾਰੀ ਹੈ। ਹੋਰਨਾਂ ਵਰਗਾਂ ਦੇ ਮੁਲਾਜ਼ਮ ਵੀ ਸੰਘਰਸ਼ ਦੀ ਹਮਾਇਤ ਕਰ ਰਹੇ ਹਨ। ਹੜਤਾਲ਼ ਦੀ ਅਗਵਾਈ ਕਰ ਰਹੇ ‘ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ’ ਦੇ ਸੂਬਾ ਪ੍ਰਧਾਨ ਮੇਘ ਸਿੰਘ ਸਿੱਧੂ ਅਤੇ ਸੂਬਾ ਆਗੂ ਬਚਿੱਤਰ ਸਿੰਘ ਪਟਿਆਲਾ ਨੇ ਅੱਜ ਦੇ ਸੂਬਾਈ ਪ੍ਰਦਰਸ਼ਨ ਵਿੱਚ ਪੰਜਾਬ ਭਰ ਦੇ ਦੋ ਲੱਖ ਤੋਂ ਵੱਧ ਮੁਲਾਜ਼ਮਾਂ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਗਲੇ ਤਿੰਨ ਦਿਨ ਸੱਤਰ ਹਜ਼ਾਰ ਕਲੈਰੀਕਲ ਕਾਮੇ ਸਮੂਹਿਕ ਛੁੱਟੀ ਲੈ ਕੇ ਮੁਜ਼ਾਹਰੇ ਕਰਨਗੇ। ਉਧਰ ਸੌ ਤੋਂ ਵੱਧ ਜਥੇਬੰਦੀਆਂ ਦੀ ਪ੍ਰਤੀਨਿਧਤਾ ਕਰ ਰਹੇ ਸਾਂਝੇ ਮੁਲਾਜ਼ਮ ਫਰੰਟ ਦੇ ਕਨਵੀਨਰਾਂ ਸਖਚੈਨ ਖਹਿਰਾ ਅਤੇ ਸੱਜਣ ਸਿੰਘ ਆਦਿ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਮੁਲਾਜ਼ਮ ਵਿਰੋਧੀ ਵਤੀਰਾ ਨਾ ਬਦਲਿਆ, ਤਾਂ ਅਗਲੇ ਦਨਿਾਂ ’ਚ ਹੋਰ ਵੀ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।
ਇਸੇ ਦੌਰਾਨ ਅੱਜ ਇਥੇ ਜਲ ਸਰੋਤ ਵਿਭਾਗ ਵਿਖੇ ਵਿਸ਼ਾਲ ਰੋਸ ਰੈਲੀ ਕਰਨ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕਰਦਿਆਂ, ਸੜਕੀ ਆਵਾਜਾਈ ਵੀ ਰੋਕੀ। ਇਸ ਮੌਕੇ ਖੁਸ਼ਵਿੰਦਰ ਕਪਿਲਾ, ਦਰਸ਼ਨ ਸਿੰਘ ਲੁਬਾਣਾ, ਬਚਿੱਤਰ ਸਿੰਘ, ਅਮਰੀਕ ਬੰਗੜ, ਗੁਰਸ਼ਰਨਜੀਤ ਹੁੰਦਲ, ਕ੍ਰਿਸ਼ਨਪਾਲ ਸਿੰਘ, ਜਗਮੋਹਣ ਨੌਲੱਖਾ, ਸਤਨਾਮ ਸਿੱਧੂ, ਸਤਨਾਮ ਕੰਬੋਜ ਤੇ ਹੋਰ ਆਗੂ ਸ਼ਾਮਲ ਹੋਏ।