ਫਗਵਾੜਾ: ਹਮਲੇ ਵਿਚ ਸੁਡਾਨ ਦੇ ਵਿਦਿਆਰਥੀ ਦੀ ਮੌਤ ਅਤੇ 1 ਜ਼ਖਮੀ
ਅਸ਼ੋਕ ਕੌਰਾ
ਫਗਵਾੜਾ, 15 ਮਈ
ਵੀਰਵਾਰ ਤੜਕੇ ਫਗਵਾੜਾ ਵਿਚ ਇਕ ਨਿੱਜੀ ਯੂਨੀਵਰਸਿਟੀ ਨੇੜੇ ਹੋਏ ਹਿੰਸਕ ਝਗੜੇ ਵਿਚ ਇਕ 25 ਸਾਲਾ ਸੁਡਾਨੀ ਵਿਦਿਆਰਥੀ ਦੀ ਬੇਰਹਿਮੀ ਨਾਲ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਖੇਤਰ ਦੇ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ।
ਸੀਨੀਅਰ ਪੁਲੀਸ ਸੁਪਰਡੈਂਟ ਗੌਰਵ ਤੂਰਾ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਤੇਜ਼ੀ ਨਾਲ ਕਾਰਵਾਈ ਕਰਦਿਆਂ ਐੱਸਪੀ ਰੁਪਿੰਦਰ ਭੱਟੀ ਅਤੇ ਐੱਸਪੀ (ਜਾਂਚ) ਦੀ ਅਗਵਾਈ ਹੇਠ ਫਗਵਾੜਾ ਪੁਲੀਸ ਦੀ ਟੀਮ ਨੇ ਪੰਜ ਘੰਟਿਆਂ ਬਾਅਦ ਹੀ ਸਾਰੇ ਛੇ ਮੁਲਜ਼ਮਾਂ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਵੇਰੇ 4 ਵਜੇ ਤੋਂ ਪਹਿਲਾਂ ਲਾਅ ਗੇਟ ਨੇੜੇ ਗ੍ਰੀਨ ਵੈਲੀ ਇਲਾਕੇ ਵਿਚ ਵਾਪਰੀ, ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਖਾਸ ਕਰਕੇ ਅਫਰੀਕੀ ਦੇਸ਼ਾਂ ਦੇ ਵਿਦਿਆਰਥੀਆਂ ਲਈ ਰਿਹਾਇਸ਼ੀ ਕੇਂਦਰ ਹੈ।
ਜ਼ਖਮੀ ਵਿਦਿਆਰਥੀ ਅਹਿਮਦ ਮੁਹੰਮਦ ਨੂਰ ਅਹਿਮਦ ਹੁਸੈਨ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਹ ਅਤੇ ਮ੍ਰਿਤਕ ਮੁਹੰਮਦ ਵਾਦਾ ਬਾਲਾ ਯੂਸਫ਼ ਅਹਿਮਦ ਦੋ ਸੁਡਾਨੀ ਵਿਦਿਆਰਥਣਾਂ ਦੇ ਨਾਲ ਸਵੇਰ ਦੀ ਨਮਾਜ਼ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਭਾਰਤੀ ਲੜਕਿਆਂ ਦੇ ਇਕ ਸਮੂਹ ਨੇ ਰੋਕਿਆ। ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਇਸ ਸਮੂਹ ਨੇ ਵਿਦਿਆਰਥਣਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਫੋਨ ਨੰਬਰ ਮੰਗੇ। ਪਰੇਸ਼ਾਨ ਕਰਨ ਤੋਂ ਰੋਕੇ ਜਾਣ ਤੇ ਉਹ ਹਿੰਸਕ ਹੋ ਗਏ।
ਅਹਿਮਦ ਦੇ ਅਨੁਸਾਰ ਦੋ ਹਮਲਾਵਰ ਚਾਕੂਆਂ ਨਾਲ ਲੈਸ ਸਨ ਅਤੇ ਉਨ੍ਹਾਂ ਨੇ ਦੋਵੇਂ ਸੁਡਾਨੀ ਵਿਦਿਆਰਥੀਆਂ ਦੀ ਛਾਤੀ ਵਿਚ ਚਾਕੂ ਮਾਰਿਆ ਅਤੇ ਭੱਜ ਗਏ। ਸਥਾਨਕ ਨਿਵਾਸੀ ਪ੍ਰਭਾਤ ਦੂਬੇ ਨੇ ਜ਼ਖਮੀਆਂ ਨੂੰ ਜਲੰਧਰ ਛਾਉਣੀ ਦੇ ਜੌਹਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਮੁਹੰਮਦ ਵਾਡਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਅਹਿਮਦ ਨੂੰ ਗੰਭੀਰ ਹਾਲਤ ਵਿੱਚ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ।
ਪੁਲੀਸ ਨੇ ਵੱਖ ਵੱਖ ਧਾਰਾਂਵਾ ਅਧੀਨ ਮਾਮਲਾ ਦਰਜ ਕਰ ਕਾਰਵਾਈ ਅਮਲ ਵਿਚ ਲਿਆਂਦੀ ਹੈ। ਹਮਲੇ ਵਿਚ ਜ਼ਖਮੀ ਅਹਿਮਦ ਨੇ ਪੁਲੀਸ ਨੂੰ ਛੇ ਕਥਿਤ ਹਮਲਾਵਰਾਂ ਦੇ ਨਾਮ ਦੱਸੇ ਜਿਨ੍ਹਾਂ ਦੀ ਪਛਾਣ ਕਰਨਾਟਕ ਦੇ ਚਿਕਮੰਗਲੁਰੂ ਤੋਂ ਅਬਦੁਲ ਅਹਦ ਅਤੇ ਕੁਵਰ ਅਮਰ ਪ੍ਰਤਾਪ ਸਿੰਘ, ਆਦਿਤਿਆ ਗਰਗ, ਮੁਹੰਮਦ ਸ਼ੋਇਬ, ਸੁਸ਼ਾਂਕ ਉਰਫ਼ "ਸ਼ੈਗੀ" ਅਤੇ ਯਸ਼ ਵਰਧਨ ਰਾਜਪੂਤ ਵਜੋਂ ਹੋਈ, ਇਹ ਸਾਰੇ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਦੱਸੇ ਜਾਂਦੇ ਹਨ ਅਤੇ ਵਰਤਮਾਨ ਵਿੱਚ ਫਗਵਾੜਾ ’ਚ ਪੇਇੰਗ ਗੈਸਟ ਵਜੋਂ ਰਹਿ ਰਹੇ ਹਨ।