‘ਰਾਹੁਲ ਗਾਂਧੀ ਚੋਣ ਕਮਿਸ਼ਨ ਨੂੰ ਸਿੱਧਾ ਪੱਤਰ ਲਿਖਣ’
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਾਰਾਸ਼ਟਰ ’ਚ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ’ਚ ਧਾਂਦਲੀ ਦੇ ਦੋਸ਼ਾਂ ਨੂੰ ਚੋਣ ਕਮਿਸ਼ਨ ਦੇ ਸੂਤਰਾਂ ਵੱਲੋਂ ਖਾਰਜ ਕੀਤੇ ਜਾਣ ਮਗਰੋਂ ਉਸ ’ਤੇ ਜਵਾਬੀ ਹਮਲਾ ਕਰਦਿਆਂ ਬੀਤੇ ਦਿਨ ਕਿਹਾ ਸੀ ਕਿ ਉਸ ਦੀ ਭਰੋਸੇਯੋਗਤਾ ਗੱਲ ਲੁਕਾਉਣ ਨਾਲ ਨਹੀਂ ਬਲਕਿ ਸੱਚ ਬੋਲਣ ਨਾਲ ਬਚੇਗੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੀਤੇ ਦਿਨ ਦੋ ਅਖ਼ਬਾਰਾਂ ’ਚ ਲੇਖ ਲਿਖ ਕੇ ਦੋਸ਼ ਲਾਇਆ ਸੀ ਕਿ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘ਲੋਕਤੰਤਰ ’ਚ ਧਾਂਦਲੀ ਦਾ ਬਲੂ ਪ੍ਰਿੰਟ’ ਸਨ। ਉਨ੍ਹਾਂ ਕਿਹਾ ਸੀ ਕਿ ਇਹ ‘ਮੈਚ ਫਿਕਸਿੰਗ’ ਹੁਣ ਬਿਹਾਰ ’ਚ ਵੀ ਦੁਹਰਾਈ ਜਾਵੇਗੀ ਅਤੇ ਫਿਰ ਉਨ੍ਹਾਂ ਥਾਵਾਂ ’ਤੇ ਵੀ ਅਜਿਹਾ ਕੀਤਾ ਜਾਵੇਗਾ ਜਿੱਥੇ-ਜਿੱਥੇ ਭਾਜਪਾ ਹਾਰ ਰਹੀ ਹੋਵੇਗੀ। ਗਾਂਧੀ ਵੱਲੋਂ ਮਹਾਰਾਸ਼ਟਰ ਦੇ ਵੋਟਿੰਗ ਕੇਂਦਰਾਂ ਦੀ ਸੀਸੀਟੀਵੀ ਫੁਟੇਜ ਮੰਗੇ ਜਾਣ ਸਬੰਧੀ ਇੱਕ ਸਵਾਲ ਦੇ ਜਵਾਬ ’ਚ ਸੂਤਰਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪਟੀਸ਼ਨ ਦਾਇਰ ਹੋਣ ’ਤੇ ਵੋਟਿੰਗ ਕੇਂਦਰਾਂ ਦੀ ਫੁਟੇਜ ਦੀ ਜਾਂਚ ਸਮਰੱਥ ਹਾਈ ਕੋਰਟ ਹੀ ਕਰ ਸਕਦਾ ਹੈ। -ਪੀਟੀਆਈ
ਰਾਹੁਲ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ: ਸੂਲੇ
ਬਾਰਾਮਤੀ: ਐੱਨਸੀਪੀ (ਐੱਸਪੀ) ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਰਾਹੁਲ ਗਾਂਧੀ ਵੱਲੋਂ ਚੋਣ ਕਮਿਸ਼ਨ ਖ਼ਿਲਾਫ਼ ਲਾਏ ਗਏ ਦੋਸ਼ਾਂ ਦਾ ਪੱਖ ਪੂਰਿਆ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਅਖ਼ਬਾਰ ’ਚ ਲੰਮਾ ਲੇਖ ਲਿਖਿਆ ਹੈ ਤੇ ਜੇ ਉਹ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਨ ਤਾਂ ਰਾਹੁਲ ਨੂੰ ਵੀ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ। ਸੂਲੇ ਨੇ ਕਿਹਾ ਕਿ ਚੋਣ ਕਮਿਸ਼ਨ ਤੋਂ ਪੱਤਰਾਂ ਦਾ ਜਵਾਬ ਨਾ ਮਿਲਣ ਕਰਕੇ ਰਾਹੁਲ ਗਾਂਧੀ ਨੂੰ ਇਹ ਲੇਖ ਲਿਖਣ ਲਈ ਮਜਬੂਰ ਹੋਣ ਪਿਆ ਹੈ। ਉੱਧਰ ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੇ ਲੇਖ ਨੇ ਭਾਜਪਾ ਨੂੰ ਬੇਨਕਾਬ ਕਰ ਦਿੱਤਾ ਹੈ। -ਏਐੱਨਆਈ