ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

12:36 AM Jun 06, 2023 IST

ਪਾਰਸਾ ਵੈਂਕਟੇਸ਼ਵਰ ਰਾਓ ਜੂਨੀਅਰ

Advertisement

ਪਾਰਲੀਮੈਂਟ ਦੀ ਨਵੀਂ ਇਮਾਰਤ ਦਾ ਭਾਵੇਂ ਉਦਘਾਟਨ ਹੋ ਗਿਆ ਹੈ ਪਰ ਇਸ ਦੀ ਇਮਾਰਤਸਾਜ਼ੀ ਗੁਣਵੱਤਾ ਜਾਂ ਫਿਰ ਇਹ ਕਿ ਵਿਰੋਧੀ ਧਿਰ ਨੂੰ ਇਸ ਦੇ ਉਦਘਾਟਨੀ ਸਮਾਗਮ ਦਾ ਬਾਈਕਾਟ ਕਰਨਾ ਚਾਹੀਦਾ ਸੀ ਜਾਂ ਨਹੀਂ – ਇਹ ਬਹਿਸ ਥੋੜ੍ਹਾ ਅਰਸਾ ਹੋਰ ਚੱਲ ਸਕਦੀ ਹੈ। ਬਹਰਹਾਲ, ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਹਿਯੋਗੀ ਇਸ ਨੂੰ ਫਜ਼ੂਲ ਰੌਲਾ ਰੱਪਾ ਕਹਿ ਕੇ ਦਰਕਿਨਾਰ ਕਰ ਦੇਣ ਪਰ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਅਤੇ ਫਿਰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਇਸ ਨਵੀਂ ਇਮਾਰਤ ਦੇ ਸਿਆਸੀ ਮਹੱਤਵ ਤੋਂ ਵਾਕਿਫ਼ ਜ਼ਰੂਰ ਹੋਣਗੇ।

ਉਂਝ, ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਭਾਜਪਾ ਅੰਦਰੋਂ ਘਬਰਾਈ ਹੋਈ ਹੈ ਜਿਸ ਦੀ ਭਾਫ਼ ਅਜੇ ਬਾਹਰ ਨਹੀਂ ਆ ਸਕੀ। 2014 ਤੋਂ ਬਾਅਦ ਭਾਜਪਾ ਜੋ ਚੁਣਾਵੀ ਸਫਲਤਾ ਹਾਸਲ ਕਰ ਸਕੀ ਹੈ, ਉਸ ਨੂੰ ਦੁਹਰਾਉਣ ਲਈ ਹੁਣ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਕਾਫ਼ੀ ਨਹੀਂ ਹੈ। ਲੰਘੀ 25 ਮਈ ਨੂੰ ਜਪਾਨ, ਪਾਪੂਆ ਨਿਊ ਗਿਨੀ ਅਤੇ ਆਸਟਰੇਲੀਆ ਦੇ ਦੌਰੇ ਲਈ ਰਵਾਨਾ ਹੋਣ ਸਮੇਂ ਪਾਲਮ ਹਵਾਈ ਅੱਡੇ ‘ਤੇ ਪਾਰਟੀ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜੋ ਭਾਸ਼ਣ ਦਿੱਤਾ ਸੀ, ਉਸ ਵਿਚੋਂ ਬੇਚੈਨੀ ਦੇ ਚਿੰਨ੍ਹ ਸਾਫ਼ ਨਜ਼ਰ ਆ ਰਹੇ ਸਨ। ਪਿਛਲੇ ਹਫ਼ਤੇ ਗੁਹਾਟੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਭਾਸ਼ਣ ਵਿਚ ਦੋਸ਼ ਲਾਇਆ ਸੀ ਕਿ ਕਾਂਗਰਸ ਨਰਿੰਦਰ ਮੋਦੀ ਨੂੰ ਵਾਜਿਬ ਪ੍ਰਧਾਨ ਮੰਤਰੀ ਸਵੀਕਾਰ ਨਹੀਂ ਕਰ ਰਹੀ ਜਿਸ ਤੋਂ ਉਨ੍ਹਾਂ ਦੇ ਮਨ ਦੀ ਪੀੜ ਤੇ ਕ੍ਰੋਧ ਦਾ ਝਲਕਾਰਾ ਮਿਲ ਰਿਹਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਕਰਨਾਟਕ ਵਿਚ ਲੱਗੇ ਚੁਣਾਵੀ ਝਟਕੇ ਦੇ ਬਾਵਜੂਦ ਭਾਜਪਾ ਚਾਹੁੰਦੀ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਹੀ ਤੁਰਪ ਦਾ ਪੱਤਾ ਹੋਣ ਪਰ ਸਿਆਸਤ ਬੇਮਿਸਾਲ ਅਨਿਸ਼ਚਤਾਵਾਂ ਦੀ ਖੇਡ ਹੁੰਦੀ ਹੈ। ਭਾਜਪਾ ਦੀ ਪ੍ਰਾਪੇਗੰਡਾ ਮਸ਼ੀਨਰੀ ਮੋਦੀ ਦੀ ਲੋਕਪ੍ਰਿਅਤਾ ਬਾਰੇ ਭਾਵੇਂ ਜੋ ਮਰਜ਼ੀ ਪ੍ਰਚਾਰ ਕਰੇ ਪਰ ਸੱਚ ਇਹ ਹੈ ਕਿ ਨੌਂ ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਹੁਣ ਉਨ੍ਹਾਂ ਦਾ ਜਲੌਅ ਪੇਤਲਾ ਪੈ ਗਿਆ ਹੈ। ਪਾਰਟੀ ਹੁਣ ਚੋਣਾਂ ਜਿੱਤਣ ਲਈ ਪੂਰੀ ਤਰ੍ਹਾਂ ਉਨ੍ਹਾਂ ਦੇ ਰਹਿਮੋ-ਕਰਮ ‘ਤੇ ਆ ਗਈ ਹੈ।

Advertisement

ਪਾਲਮ ਹਵਾਈ ਅੱਡੇ ‘ਤੇ ਆਪਣੇ ਪਾਰਟੀ ਕਾਰਕੁਨਾਂ ਦੇ ਨਾਂ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਭਾਰਤ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ਭਾਜਪਾ ਨੂੰ ਜਿਤਾਇਆ ਸੀ ਜਿਸ ਕਰ ਕੇ ਹੀ ਉਹ ਜਦੋਂ ਵੀ ਕਦੇ ਬਾਹਰ ਜਾਂਦੇ ਹਨ ਤਾਂ ਦੁਨੀਆ ਦੇ ਆਗੂ ਉਨ੍ਹਾਂ ਨੂੰ ਧਿਆਨ ਨਾਲ ਸੁਣਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਉਹ (ਪਾਰਟੀ ਕਾਰਕੁਨ) ਇਸ ਕਰ ਕੇ ਆਏ ਹਨ ਕਿਉਂਕਿ ਉਹ ਭਾਰਤ ਨੂੰ ਪਿਆਰ ਕਰਦੇ ਹਨ ਨਾ ਕਿ ਉਨ੍ਹਾਂ (ਮੋਦੀ) ਦੀ ਖਾਤਿਰ। ਤੜਕਸਾਰ ਦੀ ਇਸ ਰੈਲੀ ਨਾਲ ਸੁਤੇ-ਸਿੱਧ ਪਾਰਟੀ ਸਫ਼ਾਂ ਅੰਦਰ ਫੈਲੀ ਘਬਰਾਹਟ ਉਜਾਗਰ ਹੋ ਗਈ। ਭਾਜਪਾ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਉਹ ਹਰ ਚੋਣ ਹਿੰਦੂਤਵ ਦੀ ਵਿਚਾਰਧਾਰਾ ਦੇ ਆਧਾਰ ‘ਤੇ ਨਹੀਂ ਜਿੱਤ ਸਕਦੀ ਅਤੇ ਇਸ ਨੂੰ ਅਜਿਹੇ ਆਗੂ ਦੀ ਲੋੜ ਹੈ ਜੋ ਲੋਕਾਂ ਦਾ ਧਿਆਨ ਖਿੱਚ ਸਕੇ। ਹੁਣ ਇਸ ਨੂੰ ਆਪਣੇ ਆਗੂ ਦੀ ਦਿੱਖ ਨਵੇਂ ਸਿਰਿਓਂ ਸਿ਼ੰਗਾਰਨ ਦੀ ਲੋੜ ਭਾਸ ਰਹੀ ਹੈ।

ਸਾਫ਼ ਨਜ਼ਰ ਆ ਰਿਹਾ ਹੈ ਕਿ ਮੋਦੀ ਦਾ ਜਲਵਾ ਫਿੱਕਾ ਪੈ ਰਿਹਾ ਹੈ। ਆਰਥਿਕ ਨੀਤੀ ਅਤੇ ਸਿਆਸੀ ਸਿਧਾਂਤਾਂ ਦੇ ਮਾਮਲਿਆਂ ਵਿਚ ਸਰਕਾਰ ਦੇ ਕੱਟੜ ਹਮਾਇਤੀਆਂ ਵਿਚੋਂ ਦੋ ਜਣਿਆਂ ਨੇ ਇਸ ਦੇ ਕਾਰ-ਵਿਹਾਰ ਬਾਰੇ ਆਪਣੇ ਕੁਝ ਇਤਰਾਜ਼ ਜਤਾਏ ਹਨ। ਇਨ੍ਹਾਂ ‘ਚੋਂ ਇਕ ਸੁਰਜੀਤ ਭੱਲਾ ਪ੍ਰਧਾਨ ਮੰਤਰੀ ਦੀ ਆਰਥਿਕ ਕੌਂਸਲ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਕੌਮਾਂਤਰੀ ਮੁਦਰਾ ਕੋਸ਼ (ਆਈਐਮਐਫ) ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ (ਭਾਰਤ) ਹਨ। ਉਨ੍ਹਾਂ ਕਿਹਾ ਹੈ ਕਿ ਵਿਦੇਸ਼ ਵਿਚ ਭਾਰਤੀਆਂ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਖਰਚਿਆਂ ‘ਤੇ ਲਾਇਆ 20 ਫ਼ੀਸਦ ਟੈਕਸ ਪਿਛਾਂਹਖਿੱਚੂ ਕਦਮ ਹੈ ਅਤੇ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ‘ਸਵਰਾਜਯ’ ਦੇ ਸੰਪਾਦਕੀ ਨਿਰਦੇਸ਼ਕ ਆਰ ਜਗਨ ਨਾਥਨ ਨੇ ਕਿਹਾ ਕਿ ਭਾਜਪਾ ਦੀ ਇਹ ਮਾੜੀ ਆਦਤ ਹੈ ਕਿ ਉਹ ਚੰਗੇ ਕੰਮ ਦਾ ਸਾਰਾ ਸਿਹਰਾ ਆਪਣੇ ਸਿਰ ਲੈ ਲੈਂਦੀ ਹੈ ਤੇ ਦੂਜਿਆਂ ਨੂੰ ਕੋਈ ਜਗ੍ਹਾ ਨਹੀਂ ਦਿੰਦੀ; ਅਖੀਰ ‘ਤੇ ਲੋਕਾਂ ਨੂੰ ਇਸ ਨਾਲ ਕੋਈ ਵਜੋ-ਵਾਸਤਾ ਨਹੀਂ ਹੈ ਕਿ ਨਵਾਂ ਸੰਸਦ ਭਵਨ ਬਣ ਗਿਆ ਹੈ ਜਾਂ ਇਸ ਦਾ ਉਦਘਾਟਨ ਕੀਹਦੇ ਹੱਥੋਂ ਹੋਇਆ ਹੈ। ਇਸ ਲਈ, ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਬਾਹਰੀ ਸਫ਼ਾਂ ਵਿਚ ਹਿਲਜੁਲ ਹੋਣ ਲੱਗ ਪਈ ਹੈ।

ਹਵਾ ਦਾ ਰੁਖ਼ ਬਦਲ ਗਿਆ ਹੈ ਅਤੇ ਜਾਪਦਾ ਹੈ ਕਿ ਭਾਜਪਾ ਆਗੂਆਂ ਨੂੰ ਵੀ ਇਸ ਦੀ ਟੋਹ ਲੱਗ ਗਈ ਹੋਵੇਗੀ। ਇਸ ਗੱਲ ਦੇ ਸੰਕੇਤ ਆ ਰਹੇ ਹਨ ਕਿ ਮੋਦੀ ਸਰਕਾਰ ਦੇ ਨੌਂ ਸਾਲਾਂ ਦੇ ਸ਼ਾਸਨ ਤੋਂ ਬਾਅਦ ਦੇਸ਼ ਅੰਦਰ ਬੇਚੈਨੀ ਵਧ ਗਈ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਆਪਣੇ ਪਾਰਟੀ ਕਾਰਕੁਨਾਂ ਦਾ ਮਨੋਬਲ ਵਧਾਉਣ ਲਈ ਕੁਝ ਉਚੇਚੇ ਯਤਨ ਕਰ ਰਹੇ ਹਨ; ਦੂਜੇ ਬੰਨ੍ਹੇ ਉਹ ਆਪਣੇ ਮਸਲਿਆਂ ਵਿਚ ਉਲਝੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਮਨੀਪੁਰ ਵਿਚ ਭੜਕੀ ਹਿੰਸਾ ਦੇਸ਼ ਦੇ ਰੌਂਅ ਦਾ ਇਕ ਛੋਟਾ ਸੰਕੇਤ ਦੇ ਰਹੀ ਹੈ। ਭਾਜਪਾ ਆਗੂਆਂ ਵਲੋਂ ਮੋਦੀ ਦੀਆਂ ਨਾਇਕਾਂ ਵਾਲੀਆਂ ਖੂਬੀਆਂ ਦਾ ਜਿਸ ਢੰਗ ਨਾਲ ਗੁਣਗਾਨ ਕੀਤਾ ਜਾ ਰਿਹਾ ਹੈ ਜਿਸ ਵਿਚ ਪ੍ਰਧਾਨ ਮੰਤਰੀ ਦੀ ‘ਚੁਣੌਤੀਆਂ ਨੂੰ ਚੁਣੌਤੀ ਦੇਣ’ ਦੀ ਬਿਰਤੀ ਵੀ ਸ਼ਾਮਲ ਹੈ, ਉਹ ਭਾਜਪਾ, ਮੋਦੀ ਜਾਂ ਉਨ੍ਹਾਂ ਦੀ ਸਰਕਾਰ ਲਈ ਕੋਈ ਸ਼ੁਭ ਸੰਕੇਤ ਨਹੀਂ ਹੈ। ਲੋਕ ਹੁਣ ਮੋਦੀ ਦੇ ਇਸ ਜਾਣੇ-ਪਛਾਣੇ ਢੋਲ ਢਮੱਕੇ ਤੋਂ ਉਤਸ਼ਾਹਿਤ ਨਹੀਂ ਹੁੰਦੇ।

ਇਸ ਗੱਲ ਦੀ ਉਮੀਦ ਕੀਤੀ ਜਾਂਦੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਪਾਰਲੀਮੈਂਟ ਦੇ ਨਵੇਂ ਭਵਨ ਨੂੰ ਨਵੇਂ ਭਾਰਤ ਦੇ ਆਪਣੇ ਨਜ਼ਰੀਏ ਦੀ ਕੜੀ, ਭਾਰਤ ਨੂੰ ਬਸਤੀਵਾਦ ਤੋਂ ਮੁਕਤ ਕਰਨ ਅਤੇ ਲੋਕਾਂ ਦੀ ਮਾਨਸਿਕਤਾ ‘ਚੋਂ ਗੁਲਾਮੀ ਦੇ ਅੰਸ਼ ਮਿਟਾਉਣ ਦੀ ਕੋਸ਼ਿਸ਼ ਕਰਾਰ ਦੇਣਗੇ। ਇਸ ਤੋਂ ਇਲਾਵਾ ਰਾਮ ਮੰਦਰ ਵੀ ਤਿਆਰ ਹੋ ਰਿਹਾ ਹੈ ਜਿਸ ਨੂੰ ਅਯੁੱਧਿਆ ਵਿਚ ਬਾਬਰੀ ਮਸਜਿਦ ਵਾਲੀ ਜਗ੍ਹਾ ਉਸਾਰਿਆ ਜਾ ਰਿਹਾ ਹੈ। ਇਹ ਅਗਲੇ ਸਾਲ ਜਨਵਰੀ ਵਿਚ ਉਦਘਾਟਨ ਲਈ ਤਿਆਰ ਕੀਤਾ ਜਾ ਸਕਦਾ ਹੈ ਅਤੇ ਇਸ ਗੱਲ ਦੇ ਪੂਰੇ ਆਸਾਰ ਹਨ ਕਿ ਉਸ ਮੰਦਰ ਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤਾ ਜਾਵੇ ਅਤੇ ਇਸ ਨੂੰ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦੀ ਪ੍ਰਾਪਤੀ ਦੇ ਰੂਪ ਵਿਚ ਪੇਸ਼ ਕੀਤਾ ਜਾਵੇਗਾ। ਇਹ ਕਿਆਸ ਲਾਏ ਜਾ ਰਹੇ ਹਨ ਕਿ ਭਾਜਪਾ ਅੰਦਰ ਇਹ ਅਸਮੰਜਸ ਬਣਿਆ ਹੋਇਆ ਹੈ ਕਿ ਪਾਰਲੀਮੈਂਟ ਦੀ ਨਵੀਂ ਇਮਾਰਤ ਜਿਸ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ‘ਲੋਕਤੰਤਰ ਦਾ ਮੰਦਰ’ ਕਰਾਰ ਦਿੱਤਾ ਹੈ ਜਾਂ ਅਯੁੱਧਿਆ ਦੇ ਰਾਮ ਮੰਦਰ ‘ਚੋਂ ਭਾਜਪਾ ਲਈ ਜਿ਼ਆਦਾ ਮਹੱਤਵਪੂਰਨ ਕਿਹੜਾ ਹੈ। ਭਾਜਪਾ ਚੁਣਾਵੀ ਲਾਹਾ ਖੱਟਣ ਲਈ ਇਨ੍ਹਾਂ ਦੋਵਾਂ ਦਾ ਇਸਤੇਮਾਲ ਕਰਨਾ ਚਾਹੇਗੀ।

ਕੋਵਿਡ-19, ਯੂਕਰੇਨ ਜੰਗ ਅਤੇ ਆਲਮੀ ਬਾਜ਼ਾਰ ਦੀ ਮੰਦੀ ਦੇ ਮੱਦੇਨਜ਼ਰ ਭਾਰਤੀ ਅਰਥਚਾਰਾ ਹਾਲੇ ਤੱਕ ਆਪਣੀ ਲੈਅ ਹਾਸਲ ਕਰਨ ਲਈ ਜੱਦੋਜਹਿਦ ਕਰ ਰਿਹਾ ਹੈ। ਭਾਜਪਾ ਚੋਣਾਂ ਦਾ ਸਾਹਮਣਾ ਕਰਨ ਲਈ ਇਨ੍ਹਾਂ ਦੋਵੇਂ ਇਮਾਰਤਾਂ ਨੂੰ ਉਭਾਰ ਕੇ ਪੇਸ਼ ਕਰਨਾ ਚਾਹੇਗੀ ਪਰ ਲੋਕਾਂ ਨੂੰ ਇਨ੍ਹਾਂ ਦੋਵਾਂ ‘ਚੋਂ ਕਿਸੇ ਦੇ ਵੀ ਇਮਾਰਤਸਾਜ਼ੀ ਦੀ ਕਲਾ ਵਿਚ ਕੋਈ ਖਾਸ ਰੁਚੀ ਨਹੀਂ ਹੈ। ਜਿਵੇਂ ਕਰਨਾਟਕ ਦੇ ਵੋਟਰਾਂ ਨੇ ਦਰਸਾਇਆ ਹੈ, ਲੋਕਾਂ ਦਾ ਬਹੁਤਾ ਸਰੋਕਾਰ ਆਪਣੀ ਰੋਜ਼ਮੱਰਾ ਜਿ਼ੰਦਗੀ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨਾਲ ਹੈ।
*ਲੇਖਕ ਸੀਨੀਅਰ ਪੱਤਰਕਾਰ ਹੈ।

Advertisement
Advertisement