ਐਲੀਮੈਂਟਰੀ ਟੀਚਰਾਂ ਵੱਲੋਂ ਵਰ੍ਹਦੇ ਮੀਂਹ ’ਚ ਅਰਥੀ ਫੂਕ ਮੁਜ਼ਾਹਰਾ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ , 21 ਅਗਸਤ
ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਹੈੱਡਟੀਚਰ ਤੇ ਸੈਂਟਰ ਹੈੱਡਟੀਚਰ ਵਜੋਂ ਤਰੱਕੀਆਂ ਕਰਨ ’ਚ ਬੇਲੋੜੀ ਦੇਰੀ ਕੀਤੇ ਜਾਣ ਕਾਰਨ ਪੰਜਾਬ ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀਮੈਂਟਰੀ) ਖ਼ਿਲਾਫ਼ ਅੱਜ ਇੱਥੇ ਵਰ੍ਹਦੇ ਮੀਂਹ ਵਿੱਚ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੌਰਾਨ ਅੰਮ੍ਰਿਤਸਰ ਦੇ ਵੱਖ-ਵੱਖ ਸਿੱਖਿਆ ਬਲਾਕਾਂ ਦੇ ਐਲੀਮੈਂਟਰੀ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਈਟੀਯੂ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ, ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਨੇ ਕਿਹਾ ਕਿ ਜਥੇਬੰਦੀ ਵੱਲੋਂ ਸਿੱਖਿਆ ਸਕੱਤਰ ਪੰਜਾਬ ਨਾਲ ਹੋਈ ਮੀਟਿੰਗ ਦੌਰਾਨ ਪਹਿਲੇ ਪੜਾਅ ’ਚ ਹੀ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਤਰੱਕੀਆਂ ਸਬੰਧੀ ਪੱਤਰ ਜਾਰੀ ਕਰਵਾ ਦਿੱਤੇ ਜਾਣ ਦੇ ਬਾਵਜੂਦ ਛੇ ਮਹੀਨੇ ਬੀਤ ਗਏ ਹਨ ਪਰ ਡੀਈਓ (ਐਲੀਮੈਂਟਰੀ) ਤੇ ਦਫ਼ਤਰ ਦੇ ਅਮਲੇ ਵੱਲੋਂ ਆਪਣੀ ਨਾਲਾਇਕੀਆਂ ’ਤੇ ਪਰਦਾ ਪਾਉਣ ਲਈ ਜਾਣਬੁੱਝ ਕੇ ਤਰੱਕੀਆਂ ਦੇ ਕੰਮ ’ਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੋਮਵਾਰ ਡੀਸੀ ਨੂੰ ਰੋਸ ਪੱਤਰ ਦੇਣ ਉਪਰੰਤ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ।
ਇਸ ਦੌਰਾਨ ਡੀਟਈਓ ਦਫਤਰ ਦੀ ਢਿੱਲੀ ਕਾਰਗੁਜ਼ਾਰੀ ਸਬੰਧੀ ਸਿੱਖਿਆ ਸਕੱਤਰ ਤੇ ਡੀਪੀਆਈ (ਐਲੀਮੈਂਟਰੀ) ਪੰਜਾਬ ਨੂੰ ਨੋਡਲ ਅਫਸਰ ਅੰਮ੍ਰਿਤਸਰ ਰਾਹੀਂ ਰੋਸ ਪੱਤਰ ਭੇਜ ਕੇ ਉੱਚ ਅਧਿਕਾਰੀਆਂ ਨੂੰ ਇਸ ਗੰਭੀਰ ਮਸਲੇ ’ਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਇਸ ਵੇਲੇ ਜ਼ਿਲ੍ਹੇ ’ਚ 175 ਦੇ ਕਰੀਬ ਹੈੱਡ ਟੀਚਰਜ਼ ਤੇ 25 ਦੇ ਕਰੀਬ ਸੈਂਟਰ ਹੈੱਡਟੀਚਰਜ਼ ਤੋਂ ਬਿਨਾਂ ਸਕੂਲ ਚੱਲ ਰਹੇ ਹਨ।