ਅੱਗ ਲੱਗਣ ਕਾਰਨ ਖੋਖੇ ਤੇ ਦੁਕਾਨਾਂ ਸੜੀਆਂ
ਲਖਵਿੰਦਰ ਸਿੰਘ
ਮਲੋਟ, 8 ਜੂਨ
ਇੱਥੇ ਰੇਲਵੇ ਪੁਲ ਦੇ ਹੇਠਲੇ ਪਾਸੇ ਸਥਿਤ ਖੋਖਿਆਂ ਅਤੇ ਆਰਜ਼ੀ ਤੌਰ ‘ਤੇ ਬਣਾਈਆਂ ਦੁਕਾਨਾਂ ਨੂੰ ਦੇਰ ਰਾਤ ਅਚਾਨਕ ਅੱਗ ਲੱਗ ਗਈ, ਜੋ ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਕਾਫੀ ਫੈਲ ਚੁੱਕੀ ਸੀ। ਅੱਗ ਲੱਗਣ ਦੇ ਕਾਰਨਾਂ ਦੀ ਭਾਵੇਂ ਅਧਿਕਾਰਿਤ ਪੁਸ਼ਟੀ ਤਾਂ ਨਹੀਂ ਹੋਈ ਪਰ ਮੱਕੜ ਕਲੋਨੀ ਦੇ ਵਸਨੀਕਾਂ ਦਾ ਕਹਿਣਾ ਸੀ ਕਿ ਅੱਗ ਲੱਗਣ ਦਾ ਕਾਰਨ ਸ਼ਾਟ-ਸਰਕਟ ਹੋ ਸਕਦਾ ਹੈ। ਇਸ ਸਬੰਧੀ ਕਲੋਨੀ ਦੇ ਵਸਨੀਕ ਗੁਰਮੀਤ ਸਿੰਘ ਮੱਕੜ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਦੇਰੀ ਨਾਲ ਪਹੁੰਚਣ ਕਰਕੇ ਅੱਗ ਫੈਲਦੀ ਗਈ, ਜਿਸ ‘ਤੇ ਭਾਰੀ ਮੁਸ਼ੱਕਤ ਨਾਲ ਕਾਬੂ ਪਾਇਆ ਗਿਆ। ਉੱਧਰ ਫਾਇਰ ਅਧਿਕਾਰੀ ਬਲਜੀਤ ਸਿੰਘ ਨੇ ਕਿਹਾ ਕਿ ਅੱਗ ਲੱਗਣ ਸਬੰਧੀ ਜਾਣਕਾਰੀ ਦੇਣ ਵਾਲੇ ਦਾ ਨਾਮ ਪਤਾ ਇਸ ਲਈ ਪੁੱਛਣਾ ਜ਼ਰੂਰੀ ਹੁੰਦਾ ਹੈ ਕਿ ਘਟਨਾ ਸਥਾਨ ‘ਤੇ ਤੁਰੰਤ ਪਹੁੰਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਰਾਤ 10.55 ‘ਤੇ ਉਨ੍ਹਾਂ ਨੂੰ ਸੂਚਨਾ ਮਿਲੀ ਅਤੇ 11.05 ‘ਤੇ ਉਨ੍ਹਾਂ ਦੀ ਦੂਜੀ ਗੱਡੀ ਅਤੇ ਕੁਝ ਮਿੰਟਾਂ ਬਾਅਦ ਹੀ ਤੀਜੀ ਗੱਡੀ ਵੀ ਪਹੁੰਚ ਚੁੱਕੀ ਸੀ। ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।