ਕਾਂਗੜ ਤੇ ਮਲੂਕਾ ਦਾ ਕੋਈ ਸਿਆਸੀ ਭਵਿੱਖ ਨਹੀਂ: ਭੱਲਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 15 ਜੂਨ
‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਣ ਕੇ ਮੰਤਰੀ ਦੇ ਅਹੁਦਿਆਂ ’ਤੇ ਰਹੇ ਸਿਕੰਦਰ ਸਿੰਘ ਮਲੂਕਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਦੀ ਰਾਜਸੀ ਸੂਝ-ਬੂਝ ’ਤੇ ਕਿੰਤੂ ਕਰਦਿਆਂ ਕਿਹਾ ਕਿ ਵਾਰ-ਵਾਰ ਆਪਣਾ ਸਿਆਸੀ ਖੇਮਾ ਬਦਲਣ ਵਾਲੇ ਇਨ੍ਹਾਂ ਆਗੂਆਂ ਨੇ ਹਲਕੇ ਦੇ ਵੋਟਰਾਂ ਨੂੰ ਬੁੱਧੂ ਸਮਝ ਰੱਖਿਆ ਹੈ।
ਉਨ੍ਹਾਂ ਕਿਹਾ ਕਿ ਦੋਵਾਂ ਵੱਲੋਂ ਭਾਜਪਾ ਤੋਂ ਮੁੱਖ ਮੋੜ ਲੈਣ ਤੋਂ ਸਿੱਧ ਹੁੰਦਾ ਹੈ ਕਿ ਇਨ੍ਹਾਂ ਦਾ ਹੁਣ ਕੋਈ ਰਾਜਸੀ ਭਵਿੱਖ ਨਹੀਂ ਹੈ। ਭੱਲਾ ਨੇ ਕਿਹਾ ਕਿ ਪਹਿਲਾਂ ਸ੍ਰੀ ਕਾਂਗੜ ਨੇ ਭਾਜਪਾ ’ਚ ਡੁਬਕੀ ਲਾਉਣ ਤੋਂ ਬਾਅਦ ਕਾਂਗਰਸ ’ਚ ਵਾਪਸੀ ਕੀਤੀ ਅਤੇ ਹੁਣ ਸ੍ਰੀ ਮਲੂਕਾ ਨੇ ਵੀ ਅਜਿਹਾ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਰਾਜਨੀਤਕ ਖੇਮਾ ਬਦਲਣ ਪਿੱਛੇ ਅਜਿਹੇ ਨੇਤਾਵਾਂ ਦੇ ਆਪਣੇ ਨਿੱਜੀ ਮੁਫ਼ਾਦ ਕੰਮ ਕਰਦੇ ਹਨ ਅਤੇ ਹੁਣ ਰਾਮਪੁਰਾ ਫੂਲ ਹਲਕੇ ਦੇ ਲੋਕ ਇਨ੍ਹਾਂ ’ਤੇ ਕਦਾਚਿਤ ਭਰੋਸਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਦਿਲਚਸਪ ਹਾਲਾਤ ਇਹ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸ੍ਰੀ ਮਲੂਕਾ ਦੇ ਸਟੈਂਡ ਨੂੰ ਲੈ ਕੇ ਸ਼ਸ਼ੋਪੰਜ ਵਿੱਚ ਫਸ ਗਏ ਹਨ, ਕਿਉਂਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਅਤੇ ਨੂੰਹ ਪਰਮਪਾਲ ਕੌਰ ਅਜੇ ਵੀ ਭਾਰਤੀ ਜਨਤਾ ਪਾਰਟੀ ਵਿੱਚ ਹੀ ਹਨ।
ਸ੍ਰੀ ਭੱਲਾ ਨੇ ਹਲਕਾ ਰਾਮਪੁਰਾ ਫੂਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੋਹਰੇ ਮਾਪਦੰਡ ਅਪਣਾਉਣ ਵਾਲੇ ਲੀਡਰਾਂ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਝੂਠੇ ਪਰਚਿਆਂ ਦੀ ਰਾਜਨੀਤੀ ਸ਼ੁਰੂ ਕੀਤੀ ਸੀ ਪਰ ਹੁਣ ਕਚਹਿਰੀਆਂ ਤੇ ਥਾਣਿਆਂ ਵਿੱਚ ‘ਮੇਲੇ’ ਨਹੀਂ ਲੱਗਦੇ ਸਗੋਂ ‘ਸੁੰਨਸਾਨ’ ਨਜ਼ਰ ਆਉਂਦੀ ਹੈ।