ਨਸ਼ਾ ਸਪਲਾਈ ਕਰਨ ਵਾਲੇ ਹਿਮਾਚਲ ਤੋਂ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੂਨ
ਚੰਡੀਗੜ੍ਹ ਪੁਲੀਸ ਦੀ ਐਂਟੀ ਨਾਰਕੋਟਿਕ ਟਾਕਸ ਫੋਰਸ (ਏਐੱਨਟੀਐੱਫ) ਨੇ ਟ੍ਰਾਈਸਿਟੀ ‘ਚ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕੁੱਲੂ ਤੇ ਇਕ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਕੇਸ਼ ਕੁਮਾਰ (30) ਵਾਸੀ ਮੁਹਾਲੀ, ਸ਼ਾਂਤਾ ਕੁਮਾਰ (35) ਵਾਸੀ ਹਿਮਾਚਲ ਪ੍ਰਦੇਸ਼ ਤੇ ਸ਼ਾਮ ਚੰਦ ਵਾਸੀ (25) ਕੁੱਲੂ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਤੋਂ 854 ਗਰਾਮ ਚਰਸ, ਇਕ ਦੇਸੀ ਕੱਟਾ ਤੇ ਕਾਰਤੂਸ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਪੁਲੀਸ ਨੇ ਸੈਕਟਰ-1/2/3 ਤੇ 82 ਬਟਾਲੀਅਨ ਵਾਲੇ ਚੌਕ ‘ਚ ਲਾਏ ਨਾਕੇ ਦੌਰਾਨ ਕਾਰ ‘ਚ ਸਵਾਰ ਰਾਕੇਸ਼ ਕੁਮਾਰ ਨੂੰ ਕਾਬੂ ਕਰਕ ਕੇ 854 ਗਰਾਮ ਚਰਸ ਤੇ ਇਕ ਦੇਸੀ ਕੱਟਾ ਤੇ ਕਾਰਤੂਸ ਬਰਾਮਦ ਕੀਤੇ ਸਨ। ਰਾਕੇਸ਼ ਤੋਂ ਕੀਤੀ ਪੁੱਛ-ਪੜਤਾਲ ਤੋਂ ਬਾਅਦ ਪੁਲੀਸ ਨੇ ਕੁੱਲੂ ‘ਚ ਛਾਪਾ ਮਾਰ ਕੇ ਸ਼ਾਂਤਾ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਉਸ ਨੇ ਕਬੂਲ ਕੀਤਾ ਕਿ ਉਹ ਪਿਛਲੇ 5 ਸਾਲਾਂ ਤੋਂ ਟ੍ਰਾਈਸਿਟੀ ‘ਚ ਨਸ਼ੀਲੇ ਪਦਾਰਥ ਸਪਲਾਈ ਕਰਦਾ ਹੈ। ਚੰਡੀਗੜ੍ਹ ਪੁਲੀਸ ਨੇ ਸ਼ਾਂਤਾ ਕੁਮਾਰ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਕੁੱਲੂ ਦੇ ਜੰਗਲਾਂ ਵਿੱਚੋਂ ਸ਼ਾਮ ਚੰਦ ਨੂੰ ਗ੍ਰਿਫ਼ਤਾਰ ਕੀਤਾ ਹੈ ਜੰਗਲਾਂ ਵਿੱਚ ਚਰਸ ਬਣਾਉਣ ਦਾ ਕੰਮ ਕਰ ਰਿਹਾ ਸੀ। ਪੁਲੀਸ ਨੇ ਤਿੰਨਾਂ ਮੁਲਜ਼ਮਾਂ ਵਿਰੁੱਧ ਥਾਣਾ ਸੈਕਟਰ-3 ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।