ਡਰੋਨ ਘੁਸਪੈਠਾਂ
ਪੰਜਾਬ ਜਿਸ ਦੀ ਪਾਕਿਸਤਾਨ ਨਾਲ 425 ਕਿਲੋਮੀਟਰ ਲੰਮੀ ਸਾਂਝੀ ਕੌਮਾਂਤਰੀ ਸਰਹੱਦ ਹੈ, ਵਿਚ ਪਿਛਲੇ ਇਕ ਸਾਲ ਦੌਰਾਨ ਸਰਹੱਦ ਪਾਰੋਂ ਹੋ ਰਹੀਆਂ ਡਰੋਨ ਸਰਗਰਮੀਆਂ ਵਿਚ ਕਰੀਬ ਚਾਰ ਗੁਣਾ ਵਾਧਾ ਦੇਖਣ ਨੂੰ ਮਿਲਿਆ ਹੈ। ਸੂਬੇ ਵਿਚ 2022 ਦੌਰਾਨ 250 ਤੋਂ ਜ਼ਿਆਦਾ ਡਰੋਨ ਸਰਗਰਮੀਆਂ ਦਰਜ ਕੀਤੀਆਂ ਗਈਆਂ ਹਨ; ਇਹ ਅੰਕੜਾ ਗੁਆਂਢੀ ਮੁਲਕ ਨਾਲ ਸਾਂਝੀਆਂ ਸਰਹੱਦਾਂ ਵਾਲੇ ਦੂਜੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਰਾਜਸਥਾਨ, ਜੰਮੂ ਕਸ਼ਮੀਰ ਤੇ ਗੁਜਰਾਤ ਵਿਚ ਦਰਜ ਅਜਿਹੇ ਮਾਮਲਿਆਂ ਦੇ ਮੁਕਾਬਲੇ ਕਿਤੇ ਵੱਡਾ ਹੈ। ਪਾਕਿਸਤਾਨ ਤੋਂ ਪੰਜਾਬ ਵਿਚ ਹਥਿਆਰਾਂ, ਨਸ਼ੀਲੀਆਂ ਵਸਤਾਂ ਅਤੇ ਨਕਲੀ ਨੋਟਾਂ ਦੀ ਤਸਕਰੀ/ਸਮਗਲਿੰਗ ਲਈ ਡਰੋਨਾਂ ਦੀ ਵੱਡੇ ਪੱਧਰ ‘ਤੇ ਵਰਤੋਂ ਕੀਤੀ ਜਾ ਰਹੀ ਹੈ। ਬਹੁਤੇ ਮਾਮਲਿਆਂ ਵਿਚ ਬਾਰਡਰ ਸਕਿਉਰਿਟੀ ਫੋਰਸ (ਬੀਐੱਸਐੱਫ) ਦੇ ਜਵਾਨਾਂ ਨੇ ਅਜਿਹੇ ਡਰੋਨਾਂ ਉੱਤੇ ਗੋਲੀਬਾਰੀ ਕੀਤੀ ਪਰ ਇਸ ਦੇ ਬਾਵਜੂਦ ਇਨ੍ਹਾਂ ਮਨੁੱਖ ਰਹਿਤ ਹਵਾਈ ਵਾਹਨਾਂ (ਯੂਏਵੀਜ਼) ਵਿਚੋਂ ਕੁਝ ਕੁ ਨੂੰ ਹੀ ਫੁੰਡਿਆ ਜਾ ਸਕਿਆ ਹੈ। ਸਰਦ ਰੁੱਤ ਦੌਰਾਨ ਸਰਹੱਦ ਦੇ ਆਰ-ਪਾਰ ਡਰੋਨ ਸਰਗਰਮੀ ਵਿਚ ਤੇਜ਼ ਵਾਧਾ ਦੇਖਣ ਨੂੰ ਮਿਲਿਆ ਹੈ; ਇਸ ਸਮੇਂ ਖ਼ਿੱਤੇ ਵਿਚ ਸੰਘਣੀ ਧੁੰਦ ਛਾਈ ਹੁੰਦੀ ਹੈ ਅਤੇ ਦੂਰ ਤਕ ਦੇਖਣ ਦੀ ਸਮਰੱਥਾ ਘਟ ਜਾਂਦੀ ਹੈ।
ਬੀਐੱਸਐੱਫ ਨੇ ਇਸ ਸਬੰਧ ਵਿਚ ਕਈ ਕਦਮ ਉਠਾਏ ਹਨ: ਹਵਾਈ ਖ਼ਤਰੇ ਦੇ ਟਾਕਰੇ ਲਈ ਜਵਾਨਾਂ ਨੂੰ ਸਿਖਲਾਈ ਦੇਣ ਵਾਸਤੇ ਵਿਸ਼ੇਸ਼ ਕੇਂਦਰ ਦੀ ਸਥਾਪਨਾ, ਅਪਰੇਸ਼ਨਲ ਪ੍ਰੋਟੋਕੋਲਜ਼ ਨੂੰ ਲਾਗੂ ਕਰਨਾ ਅਤੇ ਤਕਨੀਕੀ ਸਮਰੱਥਾ ਵਿਚ ਸੁਧਾਰ ਕਰਨਾ। ਵਧਾਈ ਗਈ ਚੌਕਸੀ ਤੋਂ ਬਾਅਦ ਵੀ ਵਧ ਰਹੀ ਡਰੋਨ ਸਰਗਰਮੀ ਤੋਂ ਨਾ ਸਿਰਫ਼ ਇਹ ਜ਼ਾਹਿਰ ਹੁੰਦਾ ਹੈ ਕਿ ਸਮਗਲਰ ਆਪਣੀ ਅੜੀ ‘ਤੇ ਕਾਇਮ ਹਨ ਸਗੋਂ ਇਹ ਵੀ ਪਤਾ ਲੱਗਦਾ ਹੈ ਕਿ ਨਸ਼ਿਆਂ ਦੇ ਵਪਾਰ ਵਿਚੋਂ ਹੁੰਦਾ ਮੁਨਾਫ਼ਾ ਬਹੁਤ ਜ਼ਿਆਦਾ ਹੋਣ ਕਾਰਨ ਇਹ ਕਾਰਵਾਈਆਂ ਜਲਦੀ ਰੁਕਣ ਵਾਲੀਆਂ ਨਹੀਂ; ਸਰਕਾਰ ਅਤੇ ਬੀਐੱਸਐੱਫ ਨੂੰ ਹੋਰ ਪ੍ਰਭਾਵਸ਼ਾਲੀ ਕਦਮ ਚੁੱਕਣੇ ਪੈਣਗੇ। ਫ਼ੌਜ ਦੀ ਖੋਜ ਸੰਸਥਾ ਡਿਫੈਂਸ ਰਿਸਰਚ ਅਤੇ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਦੁਆਰਾ ਡਰੋਨਾਂ ਵਿਰੁੱਧ ਬਣਾਇਆ ਕਵਚ (ਸਿਸਟਮ) ਦਿੱਲੀ ਵਿਚ ਲਾਲ ਕਿਲ੍ਹੇ ਦੇ ਇਲਾਕੇ ਵਿਚ ਲਗਾਇਆ ਗਿਆ ਹੈ। ਇਹ ਸਿਸਟਮ ਚਾਰ ਕਿਲੋਮੀਟਰ ਦੀ ਦੂਰੀ ਤੱਕ ਦੇ ਡਰੋਨਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਤਬਾਹ ਕਰ ਸਕਦਾ ਹੈ। ਫ਼ੌਜੀ ਖੇਤਰ ਵਿਚ ਖੋਜ ਕਰ ਰਹੇ ਮਾਹਿਰਾਂ ਨੂੰ ਸਮਗਲਰਾਂ ਅਤੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਵਰਤੇ ਜਾ ਰਹੇ ਡਰੋਨਾਂ ਵਿਰੁੱਧ ਕਾਰਵਾਈ ਕਰਨ ਲਈ ਸੁਰੱਖਿਆ ਦਲਾਂ ਲਈ ਵੀ ਅਜਿਹੇ ਸਿਸਟਮ ਵਿਕਸਤ ਕਰਨ ਦੀ ਜ਼ਰੂਰਤ ਹੈ। ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਡਰੋਨ ਅਪਰਾਧੀਆਂ ਦੇ ਹੱਥ ਨਾ ਲੱਗਣ।
ਪਿਛਲੇ ਸਾਲ ਜੂਨ ਵਿਚ ਜੰਮੂ ਵਿਚ ਹਵਾਈ ਫ਼ੌਜ ਦੇ ਅੱਡੇ ‘ਤੇ ਡਰੋਨਾਂ ਰਾਹੀਂ ਹਮਲਾ ਕਰਨ ਦਾ ਯਤਨ ਕੀਤਾ ਗਿਆ। ਉਸ ਹਮਲੇ ਅਤੇ ਪੰਜਾਬ ਦੀ ਸਰਹੱਦ ‘ਤੇ ਡਰੋਨਾਂ ਰਾਹੀਂ ਕੀਤੀ ਜਾ ਰਹੀ ਕਾਰਵਾਈ ਤੋਂ ਇਹ ਸੰਕੇਤ ਮਿਲਦੇ ਹਨ ਕਿ ਇਸ ਖੇਤਰ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।