ਅੰਮ੍ਰਿਤਸਰ ਦੇ ਸ਼ਹਿਰੀ ਤੇ ਦਿਹਾਤੀ ਇਲਾਕਿਆਂ ’ਚ ਡਰੋਨ ਤੇ ਮਿਜ਼ਾਈਲ ਹਮਲੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਮਈ
ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਲੰਘੀ ਰਾਤ ਤੋਂ ਲੈ ਕੇ ਹੁਣ ਤੱਕ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦਾ ਸ਼ਹਿਰੀ ਤੇ ਦਿਹਾਤੀ ਇਲਾਕਾ ਵਧੇਰੇ ਸੰਵੇਦਨਸ਼ੀਲ ਬਣਿਆ ਰਿਹਾ, ਜਿੱਥੇ ਕਈ ਥਾਵਾਂ ’ਤੇ ਡਰੋਨ ਤੇ ਮਿਜ਼ਾਈਲ ਹਮਲਿਆਂ ਦੀ ਸੂਚਨਾ ਹੈ। ਸੁਰੱਖਿਆ ਬਲਾਂ ਨੇ ਹਾਲਾਂਕਿ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਪਰ ਕਈ ਥਾਵਾਂ ’ਤੇ ਡਰੋਨ ਤੇ ਮਿਜ਼ਾਈਲ ਦੇ ਮਲਬੇ ਡਿੱਗੇ ਹਨ। ਫਿਲਹਾਲ ਪ੍ਰਸ਼ਾਸਨ ਵੱਲੋਂ ਅਜਿਹੀ ਕਿਸੇ ਵੀ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੰਘੀ ਰਾਤ ਤੋਂ ਲੈ ਕੇ ਹੁਣ ਤੱਕ 4 ਵਾਰ ਲੋਕਾਂ ਨੂੰ ਰੈੱਡ ਅਲਰਟ ਲਈ ਸੁਚੇਤ ਕੀਤਾ ਗਿਆ ਹੈ। ਲੰਘੀ ਰਾਤ ਪਹਿਲਾਂ ਕਰੀਬ ਸਾਢੇ 8 ਵਜੇ, ਫਿਰ ਅੱਧੀ ਰਾਤ ਕਰੀਬ 2 ਵਜੇ, ਮੁੜ ਤੜਕੇ ਪੰਜ ਵਜੇ ਅਤੇ ਹੁਣ ਸਵੇਰੇ 8 ਵਜੇ ਮੁੜ ਸੁਚੇਤ ਕੀਤਾ ਗਿਆ ਹੈ। ਇਸ ਦੌਰਾਨ ਸਾਇਰਨ ਵੱਜੇ ਹਨ ਅਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ।
ਮਿਲੀ ਸੂਚਨਾ ਮੁਤਾਬਿਕ ਲੰਘੀ ਰਾਤ ਪਾਕਿਸਤਾਨ ਵੱਲੋਂ ਅੰਮ੍ਰਿਤਸਰ ਸਰਹੱਦੀ ਜ਼ਿਲ੍ਹੇ ਦੇ ਵਧੇਰੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਗਿਆ ਹੈ। ਭਾਰਤੀ ਸੁਰੱਖਿਆ ਬਲਾਂ ਨੇ ਐਂਟੀ ਡਰੋਨ ਅਤੇ ਐਂਟੀ ਮਿਜ਼ਾਈਲ ਸਿਸਟਮ ਨਾਲ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਫਿਰ ਵੀ ਕਈ ਥਾਵਾਂ ਤੋਂ ਇਨ੍ਹਾਂ ਦਾ ਮਲਬਾ ਡਿੱਗਣ ਦੀ ਸੂਚਨਾ ਹੈ। ਇਨ੍ਹਾਂ ਵਿੱਚ ਬਿਆਸ ਖੇਤਰ, ਪਿੰਡ ਭਿੱਟੇਵੱਢ , ਛੇਹਰਟਾ ਖੇਤਰ, ਖਾਸਾ ਖੇਤਰ ਆਦਿ ਸ਼ਾਮਲ ਹਨ। ਇਸ ਸਬੰਧ ਵਿੱਚ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਡਰੋਨ ਤੇ ਮਿਜ਼ਾਈਲਾਂ ਦੇ ਮਲਬੇ ਦੀ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਹਨ। ਅਜਿਹੀ ਸਥਿਤੀ ਵਿੱਚ ਲੋਕਾਂ ਨੇ ਦਹਿਸ਼ਤ ਵਾਲੇ ਮਾਹੌਲ ਵਿੱਚ ਰਾਤ ਬਿਤਾਈ ਹੈ।