ਖ਼ਾਲਸਾ ਕਾਲਜ ਵਿੱਚ ‘ਤਣਾਅ ਨੂੰ ਕਾਬੂ ਕਰਨਾ’ ਵਿਸ਼ੇ ਉੱਤੇ ਸਮਾਗਮ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 11 ਜੂਨ
ਖਾਲਸਾ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿੱਚ ‘ਤਣਾਅ ਨੂੰ ਕਾਬੂ ਕਰਨਾ’ ਵਿਸ਼ੇ ’ਤੇ ਇਕ ਹਫ਼ਤੇ ਦੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਅਗਾਜ਼ ਕੀਤਾ ਗਿਆ। ਲਿਟਲ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਦੀ ਡਾਇਰੈਕਟਰ ਤੇਜਿੰਦਰ ਕੌਰ ਛੀਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਨੂੰ ਭਾਵਨਾਤਮਕ, ਮਾਨਸਿਕ ਤੰਦਰੁਸਤੀ ਅਤੇ ਸੰਤੁਲਿਤ ਪੇਸ਼ੇਵਰ ਜੀਵਨ ਲਈ ਤਕਨੀਕਾਂ ਨਾਲ ਮਜ਼ਬੂਤ ਬਣਾਉਣਾ ਹੈ।
ਸਮਾਗਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਹੋਈ। ਸ੍ਰੀਮਤੀ ਛੀਨਾ ਨੇ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੀ ਸੀਨੀਅਰ ਫੈਕਲਟੀ ਮੁਸਕਾਨ ਕਪੂਰ ਅਤੇ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨਾਲ ਮਿਲ ਕੇ ਸ਼ਮ੍ਹਾਂ ਰੌਸ਼ਨ ਕੀਤੀ। ਡਾ. ਮੰਜੂ ਬਾਲਾ ਨੇ ਸ੍ਰੀਮਤੀ ਛੀਨਾ ਅਤੇ ਸ੍ਰੀਮਤੀ ਕਪੂਰ ਦਾ ਸਵਾਗਤ ਕਰਦਿਆਂ ਅਜੋਕੀ ਸਿੱਖਿਆ ਪ੍ਰਣਾਲੀ ’ਚ ਅਜਿਹੇ ਡਿਵੈਲਪਮੈਂਟ ਪ੍ਰੋਗਰਾਮ ਦੀ ਭੂਮਿਕਾ ’ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਕਿਵੇਂ ਲੰਬੇ ਸਮੇਂ ਤੋਂ ਤਣਾਅ ਅਧਿਆਪਕਾਂ ਦੀ ਉਤਪਾਦਕਤਾ ਤੇ ਤੰਦਰੁਸਤੀ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਧਿਆਪਕ ਭਾਵਨਾਤਮਕ ਤੌਰ ’ਤੇ ਸੰਤੁਲਿਤ ਹੁੰਦੇ ਹਨ ਤਾਂ ਉਨ੍ਹਾਂ ਦੀ ਸਕਾਰਾਤਮਕ ਊਰਜਾ ਕਲਾਸ ਰੂਮ ’ਚ ਪ੍ਰਵੇਸ਼ ਕਰਦੀ ਹੈ, ਜਿਸ ਨਾਲ ਵਿਦਿਆਰਥੀਆਂ ਅਤੇ ਪੂਰੇ ਅਕਾਦਮਿਕ ਵਾਤਾਵਰਣ ਨੂੰ ਲਾਭ ਹੁੰਦਾ ਹੈ। ਇਸ ਮੌਕੇ ਸ੍ਰੀਮਤੀ ਕਪੂਰ ਨੇ ‘ਸਿਹਤ ਅਤੇ ਖੁਸ਼ੀ’ ’ਤੇ ਇਕ ਦਿਲਚਸਪ ਸੈਸ਼ਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਫੈਕਲਟੀ ਮੈਂਬਰਾਂ ਨੂੰ ਤਣਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਰੰਤਰਨ ਕਰਨ, ਸਾਹ ਲੈਣ ਦੀਆਂ ਤਕਨੀਕਾਂ, ਤਣਾਅ-ਮੁਕਤ ਅਭਿਆਸਾਂ, ਦਿਮਾਗੀ ਗਤੀਵਿਧੀਆਂ, ਕੇਂਦਰਿਤ ਰਹਿਣ ਅਤੇ ਰੋਜ਼ਾਨਾ ਜੀਵਨ ਲਈ ਅਨੰਦਮਈ ਸੋਚ ਪੈਦਾ ਕਰਨ ਸਬੰਧੀ ਮਾਰਗਦਰਸ਼ਨ ਕੀਤਾ।