ਮੱਕੀ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ
ਪੱਤਰ ਪ੍ਰੇਰਕ
ਸ਼ਾਹਕੋਟ, 24 ਜੂਨ
ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਉਂਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਮੱਕੀ ਵੇਚਣ ਸਮੇਂ ਆ ਰਹੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਸ਼ਾਹਕੋਟ ਨੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਅਧਿਕਾਰੀਆਂ, ਆੜ੍ਹਤੀਆਂ ਐਸੋਸ਼ੀਏਸ਼ਨ ਅਤੇ ਵਪਾਰੀਆਂ ਨਾਲ ਮੀਟਿੰਗ ਕੀਤੀ। ਯੂਨੀਅਨ ਦੇ ਜ਼ਿਲ੍ਹਾ ਜਲੰਧਰ ਦੇ ਸਕੱਤਰ ਗੁਰਚਰਨ ਸਿੰਘ ਚਾਹਲ ਅਤੇ ਪ੍ਰੈੱਸ ਸਕੱਤਰ ਮਨਜੀਤ ਸਿੰਘ ਮਲਸੀਆਂ ਨੇ ਦੱਸਿਆ ਕਿ ਆੜ੍ਹਤੀਏ, ਵਪਾਰੀ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਸਾਜ਼ਿਸ਼ ਅਧੀਨ ਕੁਝ ਆੜ੍ਹਤਾਂ ਤੋਂ ਮੱਕੀ ਦੀ ਖ਼ਰੀਦ ਕਰ ਕੇ ਖ਼ਰੀਦ ਬੰਦ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਮੱਕੀ ਦਾ ਸਰਕਾਰੀ ਭਾਅ 2090 ਰੁਪਏ ਪ੍ਰਤੀ ਕੁਇੰਟਲ ਹੈ, ਪਰ ਵਪਾਰੀ ਗਿੱਲੀ ਮੱਕੀ 900 ਤੋਂ ਲੈ ਕੇ 1100 ਰੁਪਏ ਤੱਕ ਅਤੇ ਸੁੱਕੀ ਮੱਕੀ 1700 ਰੁਪਏ ਤੱਕ ਖ਼ਰੀਦ ਕਰ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਮਾਰਕੀਟ ਕਮੇਟੀ ਦੇ ਅਹੁਦੇਦਾਰਾਂ, ਆੜ੍ਹਤੀ ਐਸੋਸ਼ੀਏਸ਼ਨ ਦੇ ਅਹੁਦੇਦਾਰਾਂ ਅਤੇ ਵਪਾਰੀਆਂ ਨੂੰ ਤਾੜਨਾ ਕੀਤੀ ਕਿ ਉਹ ਮੱਕੀ ਕਾਸ਼ਤਕਾਰਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਬੰਦ ਕਰ ਦੇਣ, ਨਹੀਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਮੀਟਿੰਗ ਵਿਚ ਫ਼ੈਸਲਾ ਹੋਇਆ ਕਿ ਮੱਕੀ ਦੇ ਖ਼ਰੀਦਦਾਰ ਹਰ ਆੜ੍ਹਤੀਏ ਦੀ ਦੁਕਾਨ ‘ਤੇ ਜਾ ਕੇ ਸਰਕਾਰੀ ਭਾਅ ‘ਤੇ ਸਾਰਾ ਦਿਨ ਮੱਕੀ ਦੀ ਖ਼ਰੀਦ ਕਰਨਗੇ।
ਮੀਟਿੰਗ ਵਿਚ ਕਿਸਾਨ ਆਗੂ ਗੁਰਦੇਵ ਸਿੰਘ, ਹਜੂਰਾ ਸਿੰਘ, ਪ੍ਰੀਤਮ ਸਿੰਘ, ਅਮਰੀਕ ਸਿੰਘ, ਕਰਨੈਲ ਸਿੰਘ ਜੋਧਪੁਰੀ, ਜਰਨੈਲ ਸਿੰਘ, ਪਰਮਜੀਤ ਸਿੰਘ, ਮਨਜੀਤ ਸਿੰਘ ਸਾਬੀ, ਕਸ਼ਮੀਰ ਸਿੰਘ, ਲਹਿੰਬਰ ਸਿੰਘ, ਆੜਤੀਆ ਐਸੋਸ਼ੀਏਸ਼ਨ ਦੇ ਪ੍ਰਧਾਨ ਪਵਨ ਅਗਰਵਾਲ ਅਤੇ ਵਪਾਰੀ ਵਰਗ ਵੱਲੋਂ ਵਿੱਕੀ ਆਦਿ ਹਾਜ਼ਰ ਸਨ।