ਜਮਹੂਰੀ ਅਧਿਕਾਰ ਸਭਾ ਵੱਲੋਂ ਪ੍ਰਦਰਸ਼ਨ
ਸ਼ਗਨ ਕਟਾਰੀਆ
ਬਠਿੰਡਾ, 26 ਜੁਲਾਈ
ਜਮਹੂਰੀ ਅਧਿਕਾਰ ਸਭਾ ਵੱਲੋਂ ਜੇਲ੍ਹਾਂ ’ਚ ਬੰਦ ਬੁੱਧੀਜੀਵੀਆਂ, ਲੇਖਕਾਂ ਤੇ ਸਮਾਜਿਕ ਕਾਰਕੁਨਾਂ ਦੀ ਰਿਹਾਈ ਲਈ ਇਥੇ ਜੌਗਰ ਪਾਰਕ ਵਿੱਚ ਪ੍ਰਦਰਸ਼ਨ ਕੀਤਾ ਗਿਆ। ਸਭਾ ਦੀ ਇਕਾਈ ਬਠਿੰਡਾ ਜ਼ਿਲ੍ਹਾ ਦੇ ਪ੍ਰਧਾਨ ਪ੍ਰਿੰ. ਬੱਗਾ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਤੇ ਪੈ੍ਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਭਾਰਤੀ ਹਕੂਮਤ ਵੱਲੋਂ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਕਰੋਨਾ ਪੀੜਤ ਇਨਕਲਾਬੀ ਕਵੀ ਵਰਵਰਾ ਰਾਓ ਸਮੇਤ ਅਨੇਕਾਂ ਕਾਰਕੁਨਾਂ ਨੂੰ ਯੂਏਪੀਏ ਵਰਗੇ ਕਾਨੂੰਨਾਂ ਤਹਿਤ ਝੂਠੇ ਕੇਸ ਪਾ ਕੇ ਜੇਲ੍ਹੀਂ ਡੱਕਿਆ ਹੋਇਆ ਹੈ। ਇਥੋਂ ਤੱਕ ਕਿ ਹਸਪਤਾਲ ’ਚ ਵਰਵਰਾ ਰਾਓ ਦੇ ਮਾਪਿਆਂ ਨੂੰ ਵੀ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਐਡਵੋਕੇਟ ਸੁਦੀਪ ਸਿੰਘ ਨੇ ਸਭਾ ਵੱਲੋਂ ਲੋਕਾਂ ਦੀਆਂ ਹੋਰ ਜ਼ਰੂਰੀ ਮੰਗਾਂ ਨੂੰ ਨਾਅਰਿਆਂ ਰਾਹੀਂ ਉਭਾਰਿਆ ਗਿਆ। ਉਨ੍ਹਾਂ ਬਠਿੰਡਾ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੀਆਂ ਸਮੱਸਿਆਵਾਂ ਦੇ ਹੱਲ ਨਾ ਹੋਣ ਬਾਰੇ ਵੀ ਚਰਚਾ ਕੀਤੀ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕਰੋਨਾ ਨੂੰ ਮੋਰਚਾ ਬਣਾ ਕੇ ਹਕੂਮਤ ਲੋਕ ਵਿਰੋਧੀ ਕਾਨੂੰਨ ਬਣਾਉਣ ਲਈ ਆਰਡੀਨੈਂਸ ਲਿਆ ਰਹੀ ਹੈ ਅਤੇ ਜਨਤਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਕਾਰਪੋਰੇਟਾਂ ਹੱਥ ਦਿੱਤਾ ਜਾ ਰਿਹਾ ਹੈ।