ਬਠਿੰਡਾ ਵਿੱਚ ਪੀਐੱਸਯੂ ਵੱਲੋਂ ਵਿਦਿਆਰਥੀ ਮੁਸ਼ਕਿਲਾਂ ਦੇ ਹੱਲ ਲਈ ਮੁਜ਼ਾਹਰਾ
ਸ਼ਗਨ ਕਟਾਰੀਆ
ਬਠਿੰਡਾ, 18 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ ਨਾਲ ਸਬੰਧਤ ਵਿਦਿਆਰਥੀਆਂ ਨੇ ਫੀਸਾਂ ਤੇ ਪੜ੍ਹਾਈ ਦੇ ਮੁੱਦਿਆਂ ’ਤੇ ਇਥੇ ਅੰਬੇਡਕਰ ਪਾਰਕ ਵਿਚ ਪ੍ਰਦਰਸ਼ਨ ਕਰਨ ਸਮੇਤ ਰੋਸ ਮਾਰਚ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ-ਪੱਤਰ ਦਿੱਤਾ। ਯੂਨੀਅਨ ਦੀ ਸੂਬਾ ਆਗੂ ਸੰਗੀਤਾ ਰਾਣੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਰੱਦ ਕੀਤੀ ਜਾਵੇ। ਆਨਲਾਈਨ ਪੜ੍ਹਾਈ ਕਰਵਾਉਣ ਤੋਂ ਪਹਿਲਾਂ ਆਨਲਾਈਨ ਢਾਂਚਾ ਵਿਕਸਿਤ ਕੀਤਾ ਜਾਵੇ। ਵਿਦਿਆਰਥੀਆਂ ਨੂੰ ਸਮਾਰਟਫੋਨ ਦਿੱਤੇ ਜਾਣ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਨਲਾਈਨ ਸਿੱਖਿਆ ਦੀ ਟ੍ਰੇਨਿੰਗ ਦਿੱਤੀ ਜਾਵੇ। ਆਨਲਾਈਨ ਪੜ੍ਹਾਈ ਦੇ ਨਾਂ ’ਤੇ ਫੀਸ ਲੈਣੀ ਬੰਦ ਕੀਤੀ ਜਾਵੇ। ਫਾਈਨਲ ਕਲਾਸਾਂ ਦੇ ਵਿਦਿਆਰਥੀਆਂ ਨੂੰ ਮਹੀਨਾ ਕਲਾਸਾਂ ਲਾਉਣ ਦਾ ਸਮਾਂ ਦਿੱਤਾ ਜਾਵੇ। ਐੱਸਸੀ ਵਿਦਿਆਰਥੀਆਂ ਕੋਲੋਂ ਫੀਸਾਂ ਲੈਣ ਦਾ ਫੈਸਲਾ ਵਾਪਸ ਲਿਆ ਜਾਵੇ। ਜਨਤਕ ਇਕੱਠਾਂ ਉੱਪਰ ਲਗਾਈ ਰੋਕ ਹਟਾਈ ਜਾਵੇ। ਆਈਟੀਆਈ ਵਿਚ ਕੰਪਨੀਆਂ ਦੇ ਹੱਕ ਵਿਚ ਭੁਗਤ ਰਹੇ ਡਿਊਲ ਸਿਸਟਮ ਨੂੰ ਬੰਦ ਕੀਤਾ ਜਾਵੇ।
ਇਸ ਮੌਕੇ ਵਿਦਿਆਰਥੀ ਆਗੂ ਕਿਰਨਜੀਤ ਕੌਰ, ਅਨਮੋਲਦੀਪ ਸਿੰਘ ਨੇ ਸੰਬੋਧਨ ਕੀਤਾ।