ਸੜਕਾਂ ਦੀ ਖਸਤਾ ਹਾਲਤ ਖ਼ਿਲਾਫ਼ ਮੁਜ਼ਾਹਰਾ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 20 ਅਗਸਤ
ਮੇਹਟੀਆਣਾ, ਕੋਟ ਫ਼ਤੂਹੀ, ਈਸਪੁਰ, ਅਜਨੋਹਾ ਆਦਿ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਬੇਹੱਦ ਖਸਤਾ ਹਾਲਤ ਤੋਂ ਦੁਖੀ ਇਲਾਕੇ ਦੇ ਲੋਕਾਂ ਨੇ ਅੱਜ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਰੋਸ਼ਨ ਲਾਲ ਖੈਰੜ ਅਤੇ ਅਮਨ ਗਿੱਲ ਦੀ ਅਗਵਾਈ ਹੇਠ ਕੇਂਦਰ ਤੇ ਸੂਬਾ ਸਰਕਾਰਾਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ।
ਲੋਕਾਂ ਨੇ ਦੱਸਿਆ ਕਿ ਇਨ੍ਹਾਂ ਸੜਕਾਂ ’ਤੇ ਡੂੰਘੇ-ਡੂੰਘੇ ਖੱਡੇ ਪੈ ਗਏ ਹਨ ਜਿਨ੍ਹਾਂ ’ਚ ਬਰਸਾਤਾਂ ਦੇ ਦਨਿਾਂ ਵਿਚ ਪਾਣੀ ਭਰ ਜਾਂਦਾ ਹੈ ਅਤੇ ਇਨ੍ਹਾਂ ਸੜਕਾਂ ਤੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਇਨ੍ਹਾਂ ਸੜਕਾਂ ’ਤੇ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਸਰਕਾਰ ਦਾ ਇਸ ਵੱਲ ਧਿਆਨ ਨਹੀਂ ਜਾ ਰਿਹਾ। ਸ੍ਰੀ ਧੀਮਾਨ ਨੇ ਕਿਹਾ ਕਿ ਸਰਕਾਰਾਂ ਲੋਕਾਂ ਨੂੰ ਕਈ ਤਰ੍ਹਾਂ ਦੇ ਟੈਕਸ ਵਸੂਲਦੀਆਂ ਹਨ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਸੀਬ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਜੇਕਰ ਸੜਕਾਂ ਬਣਦੀਆਂ ਵੀ ਹਨ ਤਾਂ ਉਹ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਜਾਂਦੀਆਂ ਹਨ ਅਤੇ ਜਲਦੀ ਟੁੱਟ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨ੍ਹਾਂ ਸੜਕਾਂ ਨੂੰ ਬਣਾਇਆ ਨਹੀਂ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਜਗਜੀਤ ਸਿੰਘ, ਸਤੀਸ਼ ਕੁਮਾਰ, ਅਵਤਾਰ ਸਿੰਘ, ਭੁਪਿੰਦਰ ਸਿੰਘ, ਗੁਰਮੇਲ ਸਿੰਘ ਸੈਣੀ, ਸੁਖਵਿੰਦਰ ਸਿੰਘ, ਕੁਲਵੀਰ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ ਅਜੀਤ ਰਾਮ ਆਦਿ ਹਾਜ਼ਰ ਸਨ