ਡੇਰਾਬੱਸੀ ਲਈ ਮਿਨੀ ਸਕਤਰੇਤ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 29 ਨਵੰਬਰ
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਤਹਿਸੀਲ ਕੰਪਲੈਕਸ ਵਾਲੀ ਸੜਕ ’ਤੇ ਅਕਸਰ ਆਵਾਜਾਈ ਜਾਮ ਲੱਗਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼ਹਿਰ ਲਈ ਮਿਨੀ ਸਕਤਰੇਤ ਬਣਾਉਣ ਦੀ ਕੀਤੀ ਮੰਗ ਕੀਤੀ। ਉਨ੍ਹਾਂ ਸਬੰਧਤ ਮੰਤਰੀ ਨੂੰ ਦੱਸਿਆ ਕਿ ਇਸ ਸੜਕ ’ਤੇ ਲੱਗਣ ਵਾਲੇ ਜਾਮ ਕਾਰਨ ਸਕੂਲ ਵਿਦਿਆਰਥੀ ਘਰ ਦੇਰੀ ਨਾਲ ਪਹੁੰਚਦੇ ਹਨ। ਸ੍ਰੀ ਰੰਧਾਵਾ ਨੇ ਦੱਸਿਆ ਕਿ ਇਸ ਮਹੱਤਵਪੂਰਨ ਸੜਕ ’ਤੇ ਐਸਡੀਐਮ ਦਫ਼ਤਰ, ਤਹਿਸੀਲ ਕੰਪਲੈਕਸ ਅਤੇ ਅਦਾਲਤਾਂ ਹੋਣ ਕਾਰਨ ਅਕਸਰ ਹਰ ਰੋਜ਼ ਹੀ ਜਾਮ ਵਰਗੀ ਸਮੱਸਿਆ ਬਣੀ ਰਹਿੰਦੀ ਹੈ। ਉਨ੍ਹਾਂ ਵਿਧਾਨ ਸਭਾ ’ਚ ਦੱਸਿਆ ਕਿ ਤਹਿਸੀਲ ਸੜਕ ਤੋਂ ਰੇਲਵੇ ਫਾਟਕ ਵਾਲੇ ਪਾਸੇ ਦਰਜਨਾਂ ਸਕੂਲ ਅਤੇ ਇਹ ਸੜਕ ਦਰਜਨਾਂ ਪਿੰਡਾਂ ਨੂੰ ਸ਼ਹਿਰ ਦੇ ਨਾਲ ਨਾਲ ਅੰਬਾਲਾ ਅਤੇ ਚੰਡੀਗੜ੍ਹ ਨਾਲ ਜੋੜਦੀ ਹੈ। ਸ੍ਰੀ ਰੰਧਾਵਾ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਅਤੇ ਅਦਾਲਤਾਂ ’ਚ ਆਪਣੇ ਕੰਮਾਂ ਲਈ ਆਉਣ ਵਾਲੇ ਲੋਕ ਅਕਸਰ ਆਪਣੇ ਵਾਹਨਾਂ ਨੂੰ ਸੜਕ ਕਿਨਾਰੇ ਬੇਤਰਤੀਬੇ ਢੰਗ ਨਾਲ ਖੜ੍ਹਾ ਕਰ ਦਿੰਦੇ ਹਨ। ਇਸ ਕਾਰਨ ਸੜਕ ’ਤੇ ਅਕਸਰ ਜਾਮ ਲੱਗ ਜਾਂਦਾ ਹੈ। ਉਨ੍ਹਾਂ ਸਬੰਧਤ ਵਿਭਾਗ ਦੇ ਮੰਤਰੀ ਤੋਂ ਮੰਗ ਕੀਤੀ ਹੈ ਇਸ ਸੜਕ ’ਤੇ ਲੱਗਣ ਵਾਲੇ ਆਵਾਜਾਈ ਜਾਮ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਬਾਹਰ ਮੁੱਖ ਸੜਕਾਂ ’ਤੇ ਪਈ ਸ਼ਾਮਲਾਟ ਜ਼ਮੀਨ ’ਤੇ ਮਿਨੀ ਸਕਤਰੇਤ ਬਣਾ ਕੇ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ।