ਜਨਤਾ ਕਲੋਨੀ ਦੇ ਦਸ ਹਜ਼ਾਰ ਬਾਸ਼ਿੰਦੇ ‘ਬੇਘਰ’
ਆਤਿਸ਼ ਗੁਪਤਾ
ਚੰਡੀਗੜ੍ਹ, 6 ਮਈ
ਯੂਟੀ ਪ੍ਰਸ਼ਾਸਨ ਨੇ ਅੱਜ ਸਵੇਰੇ ਸੈਕਟਰ-25 ਸਥਿਤ ਜਨਤਾ ਕਲੋਨੀ ’ਤੇ ਬੁਲਡੋਜ਼ਰ ਚਲਾ ਦਿੱਤਾ ਹੈ। ਪ੍ਰਸ਼ਾਸਨ ਦੇ ਬੁਲਡੋਜ਼ਰਾਂ ਨੇ ਦੋ ਤੋਂ ਤਿੰਨ ਘੰਟਿਆਂ ਵਿੱਚ ਹੀ 10 ਏਕੜ ਵਿੱਚ ਫੈਲੀ ਕਲੋਨੀ ਢਹਿ ਢੇਰੀ ਕਰ ਦਿੱਤੀ। ਇਸ ਦੌਰਾਨ ਜਦੋਂ ਜਨਤਾ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਟੀਮ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਲੋਕਾਂ ਨੂੰ ਪਾਸੇ ਕੀਤਾ ਅਤੇ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਦਿੱਤਾ। ਪ੍ਰਸ਼ਾਸਨ ਦੀ ਇਸ ਕਾਰਵਾਈ ਨਾਲ 2500 ਦੇ ਕਰੀਬ ਝੁੱਗੀਆਂ ਵਿੱਚ ਰਹਿੰਦੇ 10 ਹਜ਼ਾਰ ਦੇ ਕਰੀਬ ਲੋਕ ਬੇਘਰ ਹੋ ਗਏ ਹਨ।
ਜਾਣਕਾਰੀ ਅਨੁਸਾਰ ਸੈਕਟਰ-25 ਸਥਿਤ ਜਨਤਾ ਕਲੋਨੀ ਸ਼ਹਿਰ ਦੀ ਸਭ ਤੋਂ ਵੱਡੀ ਝੁੱਗੀ-ਝੌਂਪੜੀਆਂ ਵਾਲੀ ਕਲੋਨੀ ਹੈ, ਜੋ 10 ਏਕੜ ਵਿੱਚ ਫੈਲੀ ਹੋਈ ਹੈ। ਇੱਥੇ 2500 ਦੇ ਕਰੀਬ ਝੁੱਗੀਆਂ ਸਨ, ਜਿਸ ਵਿੱਚ 10 ਹਜ਼ਾਰ ਦੇ ਕਰੀਬ ਲੋਕ ਰਹਿੰਦੇ ਸਨ। ਯੂਟੀ ਪ੍ਰਸ਼ਾਸਨ ਨੇ ਇਹ ਜ਼ਮੀਨ ਡਿਸਪੈਂਸਰੀ, ਪ੍ਰਾਇਮਰੀ ਸਕੂਲ, ਕਮਿਊਨਿਟੀ ਸੈਂਟਰ ਅਤੇ ਇੱਕ ਸ਼ਾਪਿੰਗ ਕੰਪਲੈਕਸ ਦੀ ਉਸਾਰੀ ਲਈ ਰਾਖਵੀਂ ਰੱਖੀ ਹੈ। ਇਸ ਲਈ ਪ੍ਰਸ਼ਾਸਨ ਨੇ ਜਨਤਾ ਕਲੋਨੀ ਵਾਸੀਆਂ ਨੂੰ ਸਾਲ 2022 ਵਿੱਚ ਨੋਟਿਸ ਜਾਰੀ ਕਰ ਦਿੱਤੇ ਸਨ। ਇਨ੍ਹਾਂ ਨੋਟਿਸਾਂ ਨੂੰ ਲੋਕ ਪਿਛਲੇ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕਰਦੇ ਆ ਰਹੇ ਸਨ। ਪ੍ਰਸ਼ਾਸਨ ਨੇ ਇਕ ਹਫ਼ਤਾ ਪਹਿਲਾਂ ਵੀ ਲੋਕਾਂ ਨੂੰ ਕਲੋਨੀ ਖਾਲੀ ਕਰਨ ਦੇ ਹੁਕਮ ਦਿੱਤੇ ਸਨ ਪਰ ਲੋਕਾਂ ਨੇ ਕਲੋਨੀ ਖਾਲੀ ਨਹੀਂ ਕੀਤੀ।
ਇਸ ਤੋਂ ਬਾਅਦ ਅੱਜ ਪ੍ਰਸ਼ਾਸਨ ਦੀ ਟੀਮ ਨੇ ਸਵੇਰੇ 6 ਵਜੇ 1500 ਦੇ ਕਰੀਬ ਪੁਲੀਸ ਮੁਲਾਜ਼ਮਾਂ ਤੇ ਬੁਲਡੋਜ਼ਰਾਂ ਦੇ ਨਾਲ ਜਨਤਾ ਕਲੋਨੀ ਵਿੱਚ ਪਹੁੰਚ ਗਈ। ਪ੍ਰਸ਼ਾਸਨ ਨੇ ਕੁਝ ਹੀ ਘੰਟਿਆਂ ਵਿੱਚ ਝੁੱਗੀਆਂ ਨੂੰ ਢਾਹ ਕੇ 10 ਏਕੜ ਜ਼ਮੀਨ ਨੂੰ ਖਾਲੀ ਕਰਵਾ ਲਿਆ। ਇਸ ਦੌਰਾਨ ਲੋਕਾਂ ਵੱਲੋਂ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਜਨਤਾ ਕਲੋਨੀ ਵਿੱਚ ਰਹਿ ਰਹੇ ਹਨ। ਇਸ ਸਬੰਧੀ ਉਨ੍ਹਾਂ ਕੋਲ ਦਸਤਾਵੇਜ਼ ਵੀ ਹਨ, ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅਣਗੌਲਿਆ ਕਰ ਦਿੱਤਾ ਹੈ।
ਯੂਟੀ ਪ੍ਰਸ਼ਾਸਨ ਉਜਾੜੇ ਗਏ ਲੋਕਾਂ ਦੇ ਰਹਿਣ ਲਈ ਪ੍ਰਬੰਧ ਕਰੇ: ਲੱਕੀ
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਯੂਟੀ ਪ੍ਰਸ਼ਾਸਨ ਵੱਲੋਂ ਜਨਤਾ ਕਲੋਨੀ ਵਿੱਚ 2500 ਦੇ ਕਰੀਬ ਝੁੱਗੀਆਂ ਨੂੰ ਢਾਹੁਣ ’ਤੇ ਕਿਹਾ ਕਿ ਇਹ ਲੋਕ ਪਿਛਲੇ ਡੇਢ ਤੋਂ ਦੋ ਦਹਾਕਿਆਂ ਤੋਂ ਜਨਤਾ ਕਲੋਨੀ ਵਿੱਚ ਰਹਿ ਰਹੇ ਹਨ, ਪਰ ਪ੍ਰਸ਼ਾਸਨ ਨੇ ਵਿਕਾਸ ਦੇ ਨਾਮ ’ਤੇ ਗਰੀਬ ਲੋਕਾਂ ਨੂੰ ਉਜਾੜ ਦਿੱਤਾ ਹੈ। ਸ੍ਰੀ ਲੱਕੀ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਨੂੰ ਸੈਕਟਰ-25 ਦੀ ਜਨਤਾ ਕਲੋਨੀ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪ੍ਰਸ਼ਾਸਨ ਨੂੰ ਇੱਥੋਂ ਉਜਾੜੇ ਗਏ ਲੋਕਾਂ ਦੇ ਰਹਿਣ ਲਈ ਹੋਰ ਥਾਂ ’ਤੇ ਪ੍ਰਬੰਧ ਕਰਕੇ ਦੇਣੇ ਚਾਹੀਦੇ ਹਨ।
ਵੀਹ ਸਾਲਾਂ ਵਿੱਚ ਕਈ ਕਲੋਨੀਆਂ ਢਾਹੀਆਂ
ਯੂਟੀ ਪ੍ਰਸ਼ਾਸਨ ਨੇ ਪਿਛਲੇ 20 ਸਾਲਾਂ ਵਿੱਚ ਕਲੋਨੀ ਨੰਬਰ-4, 5, ਮਜ਼ਦੂਰ ਕਲੋਨੀ, ਕੁਲਦੀਪ ਕਲੋਨੀ, ਪੰਡਤ ਕਲੋਨੀ, ਨਹਿਰੂ ਕਲੋਨੀ, ਅੰਬੇਡਕਰ ਕਲੋਨੀ, ਕਜਹੇੜੀ ਕਲੋਨੀ ਅਤੇ ਮਦਰਾਸੀ ਕਲੋਨੀ ਨੂੰ ਢਾਹ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ 1 ਮਈ 2022 ਨੂੰ ਕਲੋਨੀ ਨੰਬਰ 4 ਨੂੰ ਢਾਹੁਣ ਦੀ ਮੁਹਿੰਮ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਸੀ। ਉਸ ਸਮੇਂ ਪ੍ਰਸ਼ਾਸਨ ਨੇ 2,000 ਕਰੋੜ ਰੁਪਏ ਦੀ 65 ਏਕੜ ਜ਼ਮੀਨ ਖਾਲੀ ਕਰਵਾਈ ਸੀ। ਇਸ ਤੋਂ ਬਾਅਦ 23 ਅਪਰੈਲ 2025 ਨੂੰ ਸਨਅਤੀ ਏਰੀਆ ਫੇਜ਼-1 ਦੇ ਨਾਲ ਲਗਦੀ ਸੰਜੇ ਕਲੋਨੀ ਨੂੰ ਢਾਹ ਦਿੱਤਾ ਗਿਆ।