ਸਿਟੀ ਬਿਊਟੀਫੁੱਲ ਵਿੱਚ ਅੱਜ ਹੋਵੇਗਾ 10 ਮਿੰਟ ਬਲੈਕਆਊਟ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਮਈ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਪਿਛਲੇ ਦਿਨੀਂ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿੱਚ ਤਣਾਅ ਵਧਦਾ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਦੇ ਨਿਰਦੇਸ਼ਾਂ ’ਤੇ ਯੂਟੀ ਪ੍ਰਸ਼ਾਸਨ ਵੱਲੋਂ ਵੀ 7 ਮਈ ਨੂੰ ਸ਼ਹਿਰ ਵਿੱਚ ਮੌਕ ਡਰਿੱਲ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼ਹਿਰ ਵਿੱਚ ਬਚਾਅ ਕਾਰਜਾਂ ਦੀ ਰਿਹਰਸਲ ਲਈ ਸੁਰੱਖਿਆ ਸਾਇਰਨ ਵਜਾਏ ਜਾਣਗੇ। ਇਸ ਤੋਂ ਬਾਅਦ ਰਾਤ ਨੂੰ 7.30 ਵਜੇ ਤੋਂ 7.40 ਵਜੇ ਤੱਕ 10 ਮਿੰਟ ਲਈ ਬਲੈਕਆਊਟ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਅੱਜ ਮੌਕ ਡਰਿੱਲ ਦੀਆਂ ਤਿਆਰੀਆਂ ਨੂੰ ਲੈ ਕੇ ਪੁਲੀਸ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਸ੍ਰੀ ਯਾਦਵ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ 7.30 ਵਜੇ 10 ਮਿੰਟ ਲਈ ਸ਼ਹਿਰ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਦੌਰਾਨ ਹਸਪਤਾਲ ਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਬਹਾਲ ਰੱਖਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਵੀ 10 ਮਿੰਟ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਦਿਆਂ ਆਪਣੇ ਘਰ ਦੀਆਂ ਲਾਈਟਾਂ ਬੰਦ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਕਿਸੇ ਕਿਸਮ ਦੀ ਅਫ਼ਵਾਹ ਤੋਂ ਬੱਚਣ ਅਤੇ ਆਪਣੇ ਘਰ ਵਿੱਚ ਰਹਿਣ ਦੀ ਅਪੀਲ ਕੀਤੀ।
ਸ੍ਰੀ ਯਾਦਵ ਨੇ ਕਿਹਾ ਕਿ ਇਸ ਮੌਕ ਡਰਿੱਲ ਤੋਂ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਹ ਸਭ ਕੁਝ ਇਕ ਰਿਹਰਸਲ ਹੈ ਤਾਂ ਜੋ ਲੋੜ ਪੈਣ ’ਤੇ ਲੋਕਾਂ ਦੇ ਬਚਾਅ ਕਾਰਜ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਲੋੜ ਪੈਣ ’ਤੇ ਬਚਾਅ ਕਾਰਜਾਂ ਬਾਰੇ ਜਾਣੂੰ ਕਰਵਾਉਣਾ ਹੈ।
ਨੰਗਲ ਵਿੱਚ ਵੱਜਣਗੇ ਰਾਤ ਦੇ ਅੱਠ ਵਜੇ ਸਾਇਰਨ
ਨੰਗਲ (ਬਲਵਿੰਦਰ ਰੈਤ): ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ 7 ਮਈ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ ਕੀਤੀ ਜਾਵੇਗੀ ਤੇ ਰਾਤ 8 ਵਜੇ ਤੋਂ 8:10 ਤਕ ਸਾਇਰਨ ਵੱਜੇਗਾ ਜੋ ਹਵਾਈ ਹਮਲੇ ਦੀ ਸੂਚਨਾ ਦਾ ਪ੍ਰਤੀਕ ਹੋਵੇਗਾ। ਇਸ ਤੋਂ ਪਹਿਲਾਂ ਸਵੇਰੇ 11 ਵਜੇ ਬੀਬੀਐਮਬੀ ਦੇ ਹੋਸਟਲ ਵਿੱਚ ਵੀ ਅਭਿਆਸ ਹੋਵੇਗਾ। ਉਨ੍ਹਾਂ ਕਿਹਾ ਕਿ ਭਲਕ ਤੋਂ ਬਾਅਦ ਜਦੋਂ ਵੀ ਅਜਿਹਾ ਸਾਇਰਨ ਵੱਜੇ ਤਾਂ ਲੋਕ ਇਹ ਆਵਾਜ਼ ਸੁਣਦੇ ਸਾਰ ਉੱਚੀਆਂ ਇਮਾਰਤਾਂ ਵਿੱਚੋਂ ਨਿਕਲ ਕੇ ਕਿਸੇ ਜ਼ਮੀਨ ਜਾਂ ਜਮੀਨਦੋਜ਼ ਬੰਕਰ ਉੱਤੇ ਪਹੁੰਚ ਜਾਣ। ਜੇਕਰ ਉਨ੍ਹਾਂ ਕੋਲ ਉੱਥੇ ਕੋਈ ਛੱਤ ਨਹੀਂ ਹੈ ਤਾਂ ਉਹ ਦਰੱਖਤ ਦੇ ਹੇਠਾਂ ਜਾਂ ਖੁੱਲ੍ਹੇ ਵਿੱਚ ਲੰਮੇ ਪੈ ਜਾਣ।