ਪੰਜਾਬ ’ਚ ਬਿਜਲੀ ਦੀ ਮੰਗ ਦੇ ਰਿਕਾਰਡ ਟੁੱਟੇ
ਚਰਨਜੀਤ ਭੁੱਲਰ
ਚੰਡੀਗੜ੍ਹ, 18 ਜੂਨ
ਪੰਜਾਬ ਵਿਚ ਬਿਜਲੀ ਦੀ ਮੰਗ ‘ਬੇਕਾਬੂ’ ਹੋਣ ਲੱਗੀ ਹੈ। ਗਰਮੀ ਦਾ 65 ਸਾਲ ਪੁਰਾਣਾ ਰਿਕਾਰਡ ਟੁੱਟਿਆ ਹੈ ਅਤੇ ਉਪਰੋਂ ਝੋਨੇ ਦੀ ਲੁਆਈ ਵੀ ਰਫ਼ਤਾਰ ਫੜਨ ਲੱਗੀ ਹੈ। ਮੌਜੂਦਾ ਹਾਲਾਤ ਵਿਚ ਆਉਂਦੇ ਦਿਨਾਂ ’ਚ ਜੇ ਗਰਮੀ ਤੋਂ ਕੋਈ ਰਾਹਤ ਨਾ ਮਿਲੀ ਤਾਂ ਪਾਵਰਕੌਮ ਕੋਲ ਬਿਜਲੀ ਕੱਟ ਲਾਉਣ ਤੋਂ ਸਿਵਾਏ ਕੋਈ ਚਾਰਾ ਨਹੀਂ ਬਚੇਗਾ। ਬਿਜਲੀ ਦੀ ਮੰਗ 15,390 ਮੈਗਾਵਾਟ ਨੂੰ ਛੂਹ ਗਈ ਹੈ, ਜੋ ਪਾਵਰਕੌਮ ਦੇ ਇਤਿਹਾਸ ’ਚ ਨਵਾਂ ਰਿਕਾਰਡ ਹੈ। ਬਿਜਲੀ ਦੀ ਮੰਗ ਕਦੇ ਵੀ ਏਨੀ ਨਹੀਂ ਰਹੀ ਹੈ। ਪਾਵਰਕੌਮ ਨੇ 16 ਹਜ਼ਾਰ ਮੈਗਾਵਾਟ ਬਿਜਲੀ ਦਾ ਪ੍ਰਬੰਧ ਕੀਤਾ ਹੋਇਆ ਹੈ। ਪੰਜਾਬ ਦੇ ਬਹੁਤੇ ਹਿੱਸਿਆਂ ਵਿਚ ਕਿਸਾਨਾਂ ਨੇ ਤਪਸ਼ ਕਾਰਨ ਹਾਲੇ ਝੋਨੇ ਦੀ ਲੁਆਈ ਸ਼ੁਰੂ ਨਹੀਂ ਕੀਤੀ, ਪਰ 20 ਜੂਨ ਮਗਰੋਂ ਝੋਨੇ ਦੀ ਲੁਆਈ ਦੇ ਜ਼ੋਰ ਫੜਨ ਨਾਲ ਬਿਜਲੀ ਦੀ ਮੰਗ ਹੋਰ ਉੱਤੇ ਜਾਏਗੀ। ਬਿਜਲੀ ਦੀ ਤੇਜ਼ ਰਫ਼ਤਾਰੀ ਮੰਗ ਅੱਗੇ ਪਾਵਰਕੌਮ ਦੇ ਪ੍ਰਬੰਧ ਹੱਥ ਖੜ੍ਹੇ ਕਰ ਸਕਦੇ ਹਨ। ਪੰਜਾਬ ਦੇ ਤਾਪ ਬਿਜਲੀ ਘਰਾਂ ਤੋਂ ਪੈਦਾਵਾਰ ਲਗਾਤਾਰ ਜਾਰੀ ਹੈ ਅਤੇ ਬਿਜਲੀ ਖ਼ਰੀਦ ਵੀ ਕੀਤੀ ਜਾ ਰਹੀ ਹੈ। ਪੰਜਾਬ ਦੇ ਕੁਝ ਹਿੱਸਿਆਂ ’ਚੋਂ ਬਿਜਲੀ ਦੇ ਕੱਟ ਲੱਗਣ ਦੀਆਂ ਵੀ ਖ਼ਬਰਾਂ ਹਨ। ਬਠਿੰਡਾ ਦੇ ਪਿੰਡ ਭਾਈਰੂਪਾ ਦੇ ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਗਰਮੀ ਜ਼ਿਆਦਾ ਕਰਕੇ ਪਨੀਰੀ ਮੱਚਣ ਦੇ ਡਰੋਂ ਕਿਸਾਨਾਂ ਨੇ ਲੁਆਈ ਥੋੜ੍ਹੀ ਅੱਗੇ ਵੀ ਪਾਈ ਹੈ। ਕਿਸਾਨਾਂ ਨੇ ਖੇਤ ਤਿਆਰ ਕਰ ਲਏ ਹਨ ਅਤੇ ਗਰਮੀ ਘਟਣ ਦੀ ਉਡੀਕ ਕਰ ਰਹੇ ਹਨ। ਪਾਵਰਕੌਮ ਦੀ ਟੇਕ ਵੀ ਹੁਣ ਗਰਮੀ ਵਿਚ ਨਰਮੀ ’ਤੇ ਹੀ ਹੈ। ਮੌਸਮ ਵਿਭਾਗ ਨੇ ਅੱਜ ਲੂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਮਾਹਿਰ ਆਖਦੇ ਹਨ ਕਿ ਬੁੱਧਵਾਰ ਨੂੰ ਤਾਪਮਾਨ ਵਿਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਕਟੌਤੀ ਹੋਣ ਦਾ ਅਨੁਮਾਨ ਹੈ ਅਤੇ ਆਉਂਦੇ ਚਾਰ ਪੰਜ ਦਿਨ ਪਾਰਾ ਚੜ੍ਹਨ ਦੀ ਆਸ ਘੱਟ ਹੈ। ਪੰਜਾਬ ਵਿਚ ਬਿਜਲੀ ਦੀ ਮੰਗ ਅੱਜ ਦਿਨ ਵਕਤ 15,390 ਮੈਗਾਵਾਟ ਨੂੰ ਪੁੱਜ ਗਈ ਹੈ। ਜੂਨ ਮਹੀਨੇ ਦੇ 17 ਦਿਨਾਂ ਦੌਰਾਨ ਬਿਜਲੀ ਦੀ ਖਪਤ ਵਿਚ 43 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ ਜਦੋਂ ਕਿ ਬਿਜਲੀ ਦੀ ਮੰਗ 33 ਫ਼ੀਸਦੀ ਵਧੀ ਹੈ। ਪਹਿਲੀ ਜੂਨ ਨੂੰ ਬਿਜਲੀ ਦੀ ਮੰਗ 12,433 ਮੈਗਾਵਾਟ ਹੋ ਗਈ ਸੀ ਜੋ ਕਿ ਪਿਛਲੇ ਵਰ੍ਹੇ ਪਹਿਲੀ ਜੂਨ ਨੂੰ 6,219 ਮੈਗਾਵਾਟ ਸੀ। ਮਤਲਬ ਕਿ ਬਿਜਲੀ ਦੀ ਮੰਗ ਵਿਚ ਦੁੱਗਣਾ ਵਾਧਾ ਦਰਜ ਕੀਤਾ ਗਿਆ। ਮਾਹਿਰਾਂ ਮੁਤਾਬਕ ਗਰਮੀ ਕਰਕੇ ਬਿਜਲੀ ਦੀ ਖਪਤ ਵਧੀ ਹੈ। ਦੂਜਾ ਜ਼ੀਰੋ ਬਿੱਲਾਂ ਕਰਕੇ ਲੋਕ ਹੁਣ ਬਿਜਲੀ ਸੰਜਮ ਨਾਲ ਨਹੀਂ ਵਰਤਦੇ ਤੇ ਤੀਜਾ, ਝੋਨੇ ਦੀ ਲੁਆਈ ਤੇਜ ਹੋ ਗਈ ਹੈ। ਅਜਿਹੇ ’ਚ ਮੌਨਸੂਨ ਆਉਣ ’ਤੇ ਹੀ ਪਾਵਰਕੌਮ ਨੂੰ ਸੁੱਖ ਦਾ ਸਾਹ ਆ ਸਕਦਾ ਹੈ।
ਝੋਨੇ ਦੀ ਲੁਆਈ ਮੌਕੇ ਪਾਵਰਕੌਮ ਦੀ ਅਸਲ ਪਰਖ ਹੋਵੇਗੀ: ਡੱਲੇਵਾਲ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਵਿੱਚੋਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਪਾਵਰਕੌਮ ਅੱਜ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਵਿਚ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਦੀ ਅਸਲ ਪਰਖ ਝੋਨੇ ਦੀ ਲੁਆਈ ਵੇਲੇ ਹੋਵੇਗੀ ਜਦੋਂ ਸਾਰੇ ਪੰਜਾਬ ਦੀਆਂ ਮੋਟਰਾਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਬੇਸ਼ੱਕ ਪਿਛਲੇ ਸਾਲ ਨਾਲੋਂ ਅੱਜ ਦੀ ਮੰਗ ਵੱਧ ਹੈ ਪਰ ਕਿਸਾਨ ਅੰਕੜਿਆਂ ਵਿੱਚ ਨਹੀਂ ਪੈਂਦੇ ਤੇ ਉਨ੍ਹਾਂ ਨੂੰ ਪੂਰੀ ਬਿਜਲੀ ਚਾਹੀਦੀ ਹੈ।
ਜਾਖੜ ਨੇ ਵੀ ਚਿੰਤਾ ਪ੍ਰਗਟਾਈ
ਚੰਡੀਗੜ੍ਹ(ਟਨਸ): ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਿਜਲੀ ਦੀ ਮੰਗ ਵਧਣ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਵਧਦੀ ਮੰਗ ਕਾਰਨ ਗਰਿੱਡ ਫੇਲ੍ਹ ਹੋਣ ਦਾ ਖਤਰਾ ਬਣਿਆ ਹੋਇਆ ਹੈ। ਇਸ ਤੋਂ ਬਾਅਦ ਪੰਜਾਬ ਦੇ ਪਾਣੀਆਂ ਦੀ ਵਾਰੀ ਹੈ। ਜੇ ਅੱਜ ਹਾਲਾਤ ਨਾ ਸੁਧਰੇ ਤਾਂ ਪੰਜਾਬ ਵਿੱਚ ਪਾਣੀ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਸਾਨੂੰ ਫ਼ਸਲਾਂ ਦੀ ਵਿਭਿੰਨਤਾ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਸ ਬਾਰੇ ਰਲ-ਮਿਲ ਕੇ ਸੋਚਣਾ ਚਾਹੀਦਾ ਹੈ।